#OTHERS

ਚੀਨ ਵੱਲੋਂ ਰੱਖਿਆ ਬਜਟ ‘ਚ 7.2 ਫ਼ੀਸਦੀ ਦੇ ਵਾਧੇ ਦਾ ਐਲਾਨ

ਪੇਈਚਿੰਗ, 6 ਮਾਰਚ (ਪੰਜਾਬ ਮੇਲ)- ਚੀਨ ਨੇ ਆਪਣੇ ਰੱਖਿਆ ਬਜਟ ‘ਚ 7.2 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ, ਜਿਸ ਨਾਲ ਇਸ ਵਰ੍ਹੇ ਉਸ ਦਾ ਕੁੱਲ ਰੱਖਿਆ ਬਜਟ 249 ਅਰਬ ਡਾਲਰ ਹੋ ਜਾਵੇਗਾ। ਚੀਨ ਵੱਲੋਂ ਇਹ ਐਲਾਨ ਜੰਗੀ ਬੇੜੇ ਤੇ ਲੜਾਕੂ ਜਹਾਜ਼ ਤੇਜ਼ੀ ਨਾਲ ਵਿਕਸਤ ਕਰਨ ਸਣੇ ਫੌਜਾਂ ਦੇ ਆਧੁਨਿਕੀਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਤਹਿਤ ਕੀਤਾ ਗਿਆ ਹੈ। ਚੀਨ ਦਾ ਰੱਖਿਆ ਬਜਟ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਜ਼ਿਆਦਾ ਹੈ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ‘ਸ਼ਿਨਹੂਆ’ ਦੀ ਖ਼ਬਰ ‘ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਲੀ ਕਿਆਂਗ ਵੱਲੋਂ ਚੀਨ ਦੀ ਸੰਸਦ ‘ਚ ਪੇਸ਼ ਖਰੜਾ ਬਜਟ ਰਿਪੋਰਟ ਮੁਤਾਬਕ ਇਸ ਸਾਲ ਦੇਸ਼ ਦਾ ਅੰਦਾਜ਼ਨ ਰੱਖਿਆ ਖਰਚ ਲਗਭਗ 1.784665 ਖ਼ਰਬ ਯੁਆਨ (ਲਗਭਗ 249 ਅਰਬ ਡਾਲਰ) ਹੈ। ਪਿਛਲੇ ਸਾਲ ਚੀਨ ਨੇ ਰੱਖਿਆ ਬਜਟ 7.2 ਫ਼ੀਸਦੀ ਵਧਾ ਕੇ ਲਗਪਗ 232 ਅਰਬ ਡਾਲਰ ਕੀਤਾ ਸੀ। ਅਮਰੀਕਾ ਤੋਂ ਬਾਅਦ ਚੀਨ ਕੋਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਬਜਟ ਹੈ।