#PUNJAB

ਚਾਰ ਨਗਰ ਨਿਗਮਾਂ ‘ਚ ਜੋੜ-ਤੋੜ ਨਾਲ ਮੇਅਰ ਬਣਾਉਣ ‘ਚ ਕਾਮਯਾਬ ਰਹੀ ‘ਆਪ’

-ਢਾਈ ਦਰਜਨ ਤੋਂ ਵੱਧ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਵੀ ਹਾਕਮ ਧਿਰ ਦੇ ਪ੍ਰਧਾਨ ਬਣੇ
– ਕਾਂਗਰਸ ਨੇ ਅੰਮ੍ਰਿਤਸਰ ‘ਚ ਮੇਅਰ ਦੀ ਚੋਣ ਨੂੰ ਦਿੱਤੀ ਸੀ ਚੁਣੌਤੀ
ਚੰਡੀਗੜ੍ਹ, 3 ਫਰਵਰੀ (ਪੰਜਾਬ ਮੇਲ)- ਵਿਧਾਨ ਸਭਾ ਚੋਣਾਂ 2022 ‘ਚ ਸ਼ਾਨਦਾਰ ਜਿੱਤ ਮਗਰੋਂ ਆਮ ਆਦਮੀ ਪਾਰਟੀ (ਆਪ) ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਪਾਰਟੀ ਪੱਲੇ 13 ਵਿਚੋਂ ਤਿੰਨ ਸੀਟਾਂ ਹੀ ਪਈਆਂ ਸਨ। ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿਚ ‘ਆਪ’ ਫਿਰ ਤੋਂ ਮਜ਼ਬੂਤ ਹੋ ਕੇ ਨਿੱਤਰੀ ਹੈ। ‘ਆਪ’ ਦਸੰਬਰ ਮਹੀਨੇ ਵਿਚ ਹੋਈਆਂ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਮਗਰੋਂ ਸਾਰੀਆਂ ਸੀਟਾਂ ‘ਤੇ ਤੇਜ਼ੀ ਨਾਲ ਕਬਜ਼ਾ ਕਰਨ ਵੱਲ ਅੱਗੇ ਵੱਧ ਰਹੀ ਹੈ। ‘ਆਪ’ ਪੰਜਾਬ ਵਿਚ 5 ਨਗਰ ਨਿਗਮਾਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਫਗਵਾੜਾ ਵਿਚ ਆਪਣਾ ਮੇਅਰ ਬਨਾਉਣ ਵਿਚ ਕਾਮਯਾਬ ਹੋ ਗਈ ਹੈ। ਦੂਜੇ ਪਾਸੇ 41 ਨਗਰ ਕੌਂਸਲ ਤੇ ਨਗਰ ਪੰਚਾਇਤ ਵਿਚੋਂ ਵੀ ਢਾਈ ਦਰਜਨ ਤੋਂ ਵੱਧ ਸੀਟਾਂ ‘ਤੇ ਆਪਣੇ ਪ੍ਰਧਾਨ ਕਾਬਜ਼ ਕਰ ਚੁੱਕੀ ਹੈ, ਜਦਕਿ ਬਾਕੀਆਂ ‘ਤੇ ਵੀ ਪ੍ਰਧਾਨ ਬਨਾਉਣ ਦੀ ਤਿਆਰੀ ਵਿਚ ਹੈ।
ਪੰਜਾਬ ਵਿਚ 21 ਦਸੰਬਰ ਨੂੰ 5 ਨਗਰ ਨਿਗਮ ਅਤੇ 41 ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਸਨ। ਨਗਰ ਨਿਗਮ ਪਟਿਆਲਾ ਵਿਚ 60 ਵਾਰਡਾਂ ਵਿਚੋਂ 50 ਵਾਰਡਾਂ ਵਿਚ ਜਿੱਤ ਹਾਸਲ ਕਰ ਕੇ ‘ਆਪ’ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ। ਪਟਿਆਲਾ ਵਿਚ ਕਾਂਗਰਸ ਤੇ ਭਾਜਪਾ ਨੇ 4-4 ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦੋ ਵਾਰਡਾਂ ਵਿਚ ਜਿੱਤ ਹਾਸਲ ਕੀਤੀ। ਨਗਰ ਨਿਗਮ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਫਗਵਾੜਾ ਵਿਚ ਆਮ ਆਦਮੀ ਪਾਰਟੀ (ਆਪ) ਜੋੜ-ਤੋੜ ਨਾਲ ਮੇਅਰ ਬਨਾਉਣ ਵਿਚ ਕਾਮਯਾਬ ਰਹੀ ਹੈ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਜਲੰਧਰ ਵਿਚ 85 ਵਾਰਡਾਂ ਵਿਚੋਂ ‘ਆਪ’ ਨੇ 38, ਕਾਂਗਰਸ ਨੇ 25, ਭਾਜਪਾ ਨੇ 19 ਅਤੇ ਤਿੰਨ ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਲੁਧਿਆਣਾ ਦੀ ਚੋਣ ਵਿਚ 95 ਵਾਰਡਾਂ ਵਿਚੋਂ ‘ਆਪ’ ਨੇ 41, ਕਾਂਗਰਸ ਨੇ 30, ਭਾਜਪਾ ਨੇ 19, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਤਿੰਨ ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਨਗਰ ਨਿਗਮ ਅੰਮ੍ਰਿਤਸਰ ਦੀ ਚੋਣ ਵਿਚ 85 ਵਾਰਡਾਂ ਵਿਚੋਂ ਕਾਂਗਰਸ ਨੇ 40, ‘ਆਪ’ ਨੇ 24, ਭਾਜਪਾ ਨੇ 9, ਸ਼੍ਰੋਮਣੀ ਅਕਾਲੀ ਦਲ ਨੇ 4 ਅਤੇ 8 ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਨਿਗਮ ਫਗਵਾੜਾ ਦੀ ਚੋਣ ਵਿਚ 50 ਵਾਰਡਾਂ ਵਿਚੋਂ ਕਾਂਗਰਸ ਨੇ 22, ‘ਆਪ’ ਨੇ 12, ਭਾਜਪਾ ਨੇ 4, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ 3-3 ਅਤੇ 6 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿਚ ‘ਆਪ’ ਨੇ ਰਾਜਾਸਾਂਸੀ, ਬਾਬਾ ਬਕਾਲਾ, ਹੰਡਿਆਇਆ, ਤਲਵੰਡੀ ਸਾਬੋ, ਅਮਲੋਹ, ਮੱਖੂ, ਮੱਲਾਂਵਾਲਾ ਖਾਸ, ਮਾਹਿਲਪੁਰ, ਗੁਰਾਇਆ, ਬਿਲਗਾ, ਭੁਲੱਥ, ਮਾਛੀਵਾੜਾ, ਸਾਹਨੇਵਾਲ, ਮਲੌਦ, ਸਰਦੂਲਗੜ੍ਹ, ਬਾਘਾਪੁਰਾਣਾ, ਫਤਹਿਗੜ੍ਹ ਪੰਜਤੂਰ, ਘੜੂੰਆਂ, ਬਾੜੀਵਾਲਾ, ਬਲਾਚੌਰ, ਸਨੌਰ, ਘੱਗਾ, ਘਨੌਰ, ਦੇਵੀਗੜ੍ਹ, ਚੀਮਾ, ਮੂਨਕ, ਦਿੜ੍ਹਬਾ ਤੇ ਖੇਮਕਰਨ ਵਿਚ ਬਹੁਮਤ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ, ਉੱਥੇ ਹੀ ‘ਆਪ’ ਹੀ ਬਾਜ਼ੀ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿਚ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਮੇਅਰ ਚੁਣੇ ਜਾਣ ਨੂੰ ਪੰਜਾਬ ਕਾਂਗਰਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ ਪਰ ਹਾਈ ਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਸੀ। ਪੰਜਾਬ ਕਾਂਗਰਸ ਨੇ ਇਸ ਸਬੰਧੀ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਸੀ।