#AMERICA

ਗੋਲ਼ਡ ਬਾਰ ਘੁਟਾਲਾ: ਨਕਲੀ ਐੱਫ.ਬੀ.ਆਈ. ਏਜੰਟ ਨੀਲ ਪਟੇਲ ਨੂੰ 9 ਮਈ ਨੂੰ ਸੁਣਾਈ ਜਾਵੇਗੀ ਸਜ਼ਾ

ਨਿਊਯਾਰਕ, 3 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਗੋਲਡਬਾਰ ਘੁਟਾਲੇ ਵਿਚ ਮੈਰੀਲੈਂਡ ‘ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਗੁਜਰਾਤੀਆਂ ਵਿਚੋਂ ਦੋ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਗੁਜਰਾਤੀ ਨੌਜਵਾਨ ਨੀਲ ਪਟੇਲ ਨੇ ਇੱਕ ਨਕਲੀ ਐੱਫ.ਬੀ.ਆਈ. ਏਜੰਟ ਬਣ ਕੇ ਮੈਰੀਲੈਂਡ ‘ਚ ਇੱਕ ਬਜ਼ੁਰਗ ਵਿਅਕਤੀ ਤੋਂ 3,31,817 ਡਾਲਰ ਦਾ ਸੋਨਾ ਖੋਹਣ ਦੇ ਮਾਮਲੇ ‘ਚ ਆਪਣਾ ਅਪਰਾਧ ਕਬੂਲ ਕੀਤਾ ਹੈ। ਇਲੀਨੋਇਸ ਰਾਜ ਦੇ ਕੈਰੋਲ ਸਟ੍ਰੀਮ ਦੇ ਰਹਿਣ ਵਾਲੇ 24 ਸਾਲਾ ਨੀਲ ਪਟੇਲ ਨੇ 100,000 ਡਾਲਰ ਤੋਂ ਵੱਧ ਦੀ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਗਿਆ ਹੈ, ਜਿਸਦੇ ਨਤੀਜੇ ਵਜੋਂ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਮੈਰੀਲੈਂਡ ਸਟੇਟ ਅਟਾਰਨੀ ਦੇ ਅਨੁਸਾਰ ਨੀਲ ਪਟੇਲ ਜੋ ਇਸ ਸਮੇਂ ਜੇਲ੍ਹ ਵਿਚ ਹੈ, ਉਸ ਨੂੰ ਅਦਾਲਤ ਵੱਲੋਂ 9 ਮਈ, 2025 ਨੂੰ ਸਜ਼ਾ ਸੁਣਾਈ ਜਾਵੇਗੀ। ਨੀਲ ਪਟੇਲ ਨੂੰ 23 ਜੁਲਾਈ, 2024 ਨੂੰ ਸ਼ਿਕਾਗੋ ਦੇ ਓਹੇਅਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਡਬਲਿਨ, ਆਇਰਲੈਂਡ ਲਈ ਉਡਾਣ ਫੜਨ ਦੀ ਤਿਆਰੀ ਕਰ ਰਿਹਾ ਸੀ। ਨੀਲ ਪਟੇਲ ਨੂੰ 6 ਅਗਸਤ, 2024 ਨੂੰ ਮੋਂਟਗੋਮਰੀ ਕਾਉਂਟੀ ਪੁਲਿਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਕਿਉਂਕਿ ਉਸਦਾ ਮੈਰੀਲੈਂਡ ਵਿਚ ਅਪਰਾਧਿਕ ਰਿਕਾਰਡ ਸੀ। ਮੈਰੀਲੈਂਡ ਪੁਲਿਸ ਅਨੁਸਾਰ, ਨੀਲ ਨੇ 05 ਮਾਰਚ, 2024 ਨੂੰ ਪੀੜਤ ਤੋਂ ਸੋਨੇ ਨਾਲ ਭਰਿਆ ਇੱਕ ਪਾਰਸਲ ਲਿਆ ਸੀ। ਇਸ ਮਾਮਲੇ ਵਿਚ ਪੀੜਤ ਨੂੰ ਕੁੱਲ 77.9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਨੀਲ ਪਟੇਲ ਦੂਜੀ ਵਾਰ ਪਾਰਸਲ ਲੈਣ ਲਈ ਆਪਣੇ ਘਰ ਗਿਆ, ਜਿਸਨੂੰ ਪੁਲਿਸ ਨੇ ਤਕਨੀਕੀ ਨਿਗਰਾਨੀ ਦੇ ਆਧਾਰ ‘ਤੇ ਦੋ ਮਹੀਨਿਆਂ ਤੋਂ  ਬਾਅਦ ਫੜਿਆ ਸੀ।