ਵਾਸ਼ਿੰਗਟਨ ਡੀ.ਸੀ., 28 ਜਨਵਰੀ (ਪੰਜਾਬ ਮੇਲ)- ਯੂ.ਐੱਸ. ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਨੇ ਦੇਸ਼ ਵਿਆਪੀ ਨਾਗਰਿਕਤਾ ਜਾਂਚ ਦੇ ਆਦੇਸ਼ ਦਿੱਤੇ ਹਨ, ਜਿਸ ਨਾਲ ਇਥੇ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਕਿਰਾਏਦਾਰਾਂ ਬਾਰੇ ਪਤਾ ਲਗਾਇਆ ਜਾ ਸਕੇਗਾ।
ਅਮਰੀਕਾ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਦੇਸ਼ ਭਰ ਦੇ ਜਨਤਕ ਰਿਹਾਇਸ਼ੀ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਿਰਾਏਦਾਰਾਂ ਦੀ ਨਾਗਰਿਕਤਾ ਅਤੇ ਯੋਗਤਾ ਦੀ ਤੁਰੰਤ ਪੁਸ਼ਟੀ ਕਰਨ ਕਿਉਂਕਿ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇਸ ਸੰਬੰਧੀ ਬਹੁਤ ਸਾਰੀਆਂ ਸੂਚਨਾਵਾਂ ਪਾਈਆਂ ਜਾ ਰਹੀਆਂ ਹਨ ਕਿ ਮਾਲਕ ਮਕਾਨ ਗੈਰ ਕਾਨੂੰਨੀ ਲੋਕਾਂ ਨੂੰ ਪਨਾਹ ਦੇ ਰਹੇ ਹਨ।
ਹੁਣ ਤੱਕ ਹੋਏ ਸਰਵੇ ਵਿਚ ਲਗਭਗ 2 ਲੱਖ ਕਿਰਾਏਦਾਰਾਂ ਦੇ ਰਿਕਾਰਡਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਹ ਲੋਕ ਸਰਕਾਰ ਤੋਂ ਰਿਹਾਇਸ਼ ਸਥਾਨ ਲਈ ਮਦਦ ਵੀ ਲੈ ਰਹੇ ਸਨ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਨਾਲ ਟੈਕਸਦਾਤਾਵਾਂ ਦੇ ਟੈਕਸ ਦੀ ਦੁਰਵਰਤੋਂ ਹੁੰਦੀ ਹੈ।
ਨਵੇਂ ਨਿਰਦੇਸ਼ ਦੇ ਤਹਿਤ ਐੱਚ.ਯੂ.ਡੀ. ਫੰਡ ਪ੍ਰਾਪਤ ਪ੍ਰੋਗਰਾਮਾਂ ਵਿਚ ਸਾਰੇ ਜਨਤਕ ਰਿਹਾਇਸ਼ੀ ਅਥਾਰਿਟੀਆਂ ਅਤੇ ਜਾਇਦਾਦ ਮਾਲਕਾਂ ਕੋਲ ਆਪਣੇ ਰਿਕਾਰਡਾਂ ਨੂੰ ਅਪਡੇਟ ਕਰਨ ਲਈ 30 ਦਿਨਾਂ ਦਾ ਸਮਾਂ ਹੈ।
ਐੱਚ.ਯੂ.ਡੀ. ਸਕੱਤਰ ਸਕਾਟ ਟਰਨਰ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਇਸ ਨਵੇਂ ਨਿਰਦੇਸ਼ ਨਾਲ ਟੈਕਸਦਾਤਾ ਸਰੋਤਾਂ ਦੀ ਸੁਰੱਖਿਆ ਅਤੇ ਅਮਰੀਕੀ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।
ਆਉਣ ਵਾਲੇ ਸਮੇਂ ਵਿਚ ਐੱਚ.ਯੂ.ਡੀ. ਸਹਾਇਤਾ ਪ੍ਰਾਪਤ ਰਿਹਾਇਸ਼ ਵਿਚ ਦਾਖਲੇ ਤੋਂ ਪਹਿਲਾਂ ਨਾਗਰਿਕਤਾ ਦੀ ਤਸਦੀਕ ਬਰੀਕੀ ਨਾਲ ਕੀਤੀ ਜਾਵੇਗੀ। ਗੈਰ ਕਾਨੂੰਨੀ ਕੰਮ ਕਰਨ ਵਾਲੇ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।
ਪ੍ਰੋਗਰਾਮਾਂ ਦੀ ਇਕਸਾਰਤਾ ਨੂੰ ਬਰਕਰਾਰ ਰੱਖਣ ਲਈ ਇਹ ਯਕੀਨੀ ਬਣਾਉਣਾ ਹੈ ਕਿ ਸਹਾਇਤਾ ਵਿਸ਼ੇਸ਼ ਤੌਰ ‘ਤੇ ਯੋਗ ਪਰਿਵਾਰਾਂ ਨੂੰ ਹੀ ਦਿੱਤੀ ਜਾਵੇ।
ਗੈਰ ਕਾਨੂੰਨੀ ਲੋਕਾਂ ਨੂੰ ਰੱਖਣ ‘ਤੇ ਮਾਲਕ ਮਕਾਨਾਂ ਦੀ ਆਵੇਗੀ ਸ਼ਾਮਤ

