#PUNJAB

ਗੈਂਗਸਟਰ ਗੋਲਡੀ ਬਰਾੜ ਵੱਲੋਂ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ

ਮੁਹਾਲੀ, 18 ਮਾਰਚ (ਪੰਜਾਬ ਮੇਲ)- ਪੰਜਾਬੀ ਅਦਾਕਾਰ ਅਤੇ ਗਾਇਕ ਰੁਪਿੰਦਰ ਸਿੰਘ ਗਰੇਵਾਲ ਉਰਫ ਗਿੱਪੀ ਗਰੇਵਾਲ ਨੂੰ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਕ ਗੋਲਡੀ ਬਰਾੜ ਨੇ ਗਿੱਪੀ ਨੂੰ ਫੋਨ ਕਰਕੇ ਕਿਹਾ ਕਿ ਉਹ ਉਸ ਦੇ ਸੁਨੇਹਿਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਕਥਿਤ ਆਡੀਓ ਰਿਕਾਰਡਿੰਗ ਵਿਚ ਧਮਕੀ ਦੇਣ ਵਾਲਾ ਕਹਿ ਰਿਹਾ ਹੈ, ”ਸਾਡੇ ਮੈਸੇਜ ਇਗਨੋਰ ਨਾ ਕਰਿਆ ਕਰ, ਕਿਉਂਕਿ ਮੈਸੇਜ ਤਾਂ ਇਗਨੋਰ ਹੋ ਸਕਦੇ ਹਨ ਪਰ ਗੋਲੀਆਂ ਨਹੀਂ।” ਇਸ ਕਾਲ ਵਿਚ ਗਿੱਪੀ ਦੇ ਮੁਹਾਲੀ ਵਾਲੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਕਹੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਵਾਲ ਚੁੱਕੇ ਹਨ। ਬਾਦਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਗਿੱਪੀ ਗਰੇਵਾਲ ਹਾਲ ਹੀ ਵਿਚ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਬਾਦਲ ਆਏ ਸਨ, ਜਿਸ ਕਾਰਨ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ। ਉਨ੍ਹਾਂ ਕਿਹਾ ਕਿ ਸੁਰੱਖਿਆ ਹਟਾਉਣ ਦੇ ਤੁਰੰਤ ਬਾਅਦ ਗੈਂਗਸਟਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਲਿਆ ਹੈ। ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ ਅਤੇ ਸੁਰੱਖਿਆ ਦੇ ਫੈਸਲੇ ਮੁੱਖ ਮੰਤਰੀ ਦੀ ਮਰਜ਼ੀ ਮੁਤਾਬਕ ਲਏ ਜਾ ਰਹੇ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਉਸ ਵੇਲੇ ਵੀ ਸੁਰੱਖਿਆ ਹਟਾਉਣ ਅਤੇ ਉਸ ਨੂੰ ਮੀਡੀਆ ਵਿਚ ਲੀਕ ਕਰਨ ਦੀ ਗਲਤੀ ਕਾਰਨ ਇੱਕ ਹੀਰਾ ਗਾਇਕ ਗੁਆਉਣਾ ਪਿਆ ਸੀ।
ਮੁਹਾਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਅਜੇ ਤੱਕ ਇਸ ਮਾਮਲੇ ‘ਤੇ ਜ਼ਿਆਦਾ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ। ਉਨ੍ਹਾਂ ਦਾ ਸਿਰਫ਼ ਇੰਨਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਪਹਿਲਾਂ ਵੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਰਹੇ ਹਨ। ਨਵੰਬਰ 2023 ‘ਚ ਕੈਨੇਡਾ ਦੇ ਵ੍ਹਾਈਟ ਰੌਕ ਇਲਾਕੇ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਸੀ। ਇਸ ਤੋਂ ਇਲਾਵਾ 2019 ਵਿਚ ਵੀ ਉਨ੍ਹਾਂ ਨੂੰ ਫਿਰੌਤੀ ਲਈ ਧਮਕੀਆਂ ਮਿਲੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ”ਅਕਾਲ: ਦਾ ਅਨਕੌਨਕਰਡ” ਨੂੰ ਲੈ ਕੇ ਵੀ ਕੁਝ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਵਿਵਾਦ ਪੈਦਾ ਹੋਇਆ ਹੈ।