#PUNJAB

ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਵਜੋਂ ਹਲਫ਼ ਲਿਆ

ਚੰਡੀਗੜ੍ਹ, 31 ਜੁਲਾਈ (ਪੰਜਾਬ ਮੇਲ)- ਭਾਜਪਾ ਦੇ ਸੀਨੀਅਰ ਆਗੂ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਹਲਫ਼ ਲਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਰਾਜ ਭਵਨ ਵਿਚ ਇੱਕ ਸਮਾਰੋਹ ਦੌਰਾਨ ਕਟਾਰੀਆ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਸਾਬਕਾ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਹਰਪਾਲ ਸਿੰਘ ਚੀਮਾ ਤੇ ਗੁਰਮੀਤ ਸਿੰਘ ਖੁੱਡੀਆਂ ਸਮੇਤ ਪੰਜਾਬ ਦੇ ਕਈ ਮੰਤਰੀ ਮੌਜੂਦ ਸਨ। 79 ਸਾਲਾ ਕਟਾਰੀਆ ਨੇ ਹਿੰਦੀ ਵਿਚ ਹਲਫ਼ ਲਿਆ। ਜ਼ਿਕਰਯੋਗ ਹੈ ਕਿ ਕਟਾਰੀਆ ਨੇ ਬਨਵਾਰੀਲਾਲ ਪੁਰੋਹਿਤ ਦੀ ਥਾਂ ਲਈ ਹੈ, ਜਿਨ੍ਹਾਂ ਨੇ ਫਰਵਰੀ ਵਿਚ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਕਟਾਰੀਆ ਇਸ ਤੋਂ ਪਹਿਲਾਂ ਅਸਾਮ ਦੇ ਰਾਜਪਾਲ ਸਨ। ਉਦੈਪੁਰ ਦੇ ਰਹਿਣ ਵਾਲੇ ਕਟਾਰੀਆ ਦੋ ਵਾਰ ਰਾਜਸਥਾਨ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ।