#PUNJAB

ਗੁਰੂ ਨਾਨਕ ਜਹਾਜ ਦੇ ਸਫਰ ਦੀ 111ਵੀਂ ਵਰ੍ਹੇਗੰਢ ਮੌਕੇ ਵੈਨਕੂਵਰ (ਕੈਨੇਡਾ) ‘ਚ ਵਿਸ਼ਾਲ ਸਮਾਗਮ 25 ਨੂੰ : ਤਲਵੰਡੀ

ਕੈਨੇਡਾ ਵਿਚ ਭਾਰਤੀਆਂ ਦੇ ਦਾਖਲੇ ਅਤੇ ਉੱਥੇ ਸਥਾਪਿਤ ਹੋਣ ਲਈ ਚੱਲੇ ਸੰਘਰਸ਼ ਦੌਰਾਨ ਸੰਨ੍ਹ 1914 ਨੂੰ ਗੁਰੂ ਨਾਨਕ ਜਹਾਜ ਦੀ ਵਾਪਰੀ ਘਟਨਾ ਨੂੰ ਬੜਾ ਹੀ ਅਹਿਮ ਮੰਨਿਆ ਜਾ ਰਿਹਾ ਹੈ। ਉਸ ਵੇਲੇ ਕੈਨੇਡਾ ‘ਤੇ ਰਾਜ ਕਰ ਰਹੇ ਬ੍ਰਿਟਿਸ਼ ਸਾਮਰਾਜ ਦੁਆਰਾ ਭਾਰਤੀਆਂ ਦੇ ਦਾਖਲੇ ਨੂੰ ਰੋਕਣ ਦੇ ਉਦੇਸ਼ ਤਹਿਤ ਕੁੱਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਬ੍ਰਿਟਿਸ਼ ਸਰਕਾਰ ਦੇ ਇਸ ਫੈਸਲੇ ਖਿਲਾਫ ਕੈਨੇਡਾ ਦੇ ਧਨਾਢ ਵਪਾਰੀ ਬਾਬਾ ਗੁਰਦਿੱਤ ਸਿੰਘ ਦੁਆਰਾ ਜਹਾਜ਼ ਕਿਰਾਏ ‘ਤੇ ਲੈ ਕੇ ਕੈਨੇਡਾ ਲੈ ਜਾਣਾ ਅਤੇ ਸਰਕਾਰ ਦਾ ਜ਼ੁਲਮ ਸਹਿਣਾ ਕੋਈ ਆਮ ਵਰਤਾਰਾ ਨਹੀਂ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਵਾਸੀ ਪੰਜਾਬੀ ਲੇਖਕ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਤਲਵੰਡੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅਨੁਸਾਰ ਪੰਜਾਬੀ ਮੂਲ ਦੇ ਲੋਕ ਜੇਕਰ ਅੱਜ ਵਿਦੇਸ਼ੀ ਧਰਤੀਆਂ ‘ਤੇ ਚੰਗਾ ਮਾਣ-ਸਤਿਕਾਰ ਹਾਸਲ ਕਰ ਰਹੇ ਹਨ ਤੇ ਚੰਗੇ ਅਹੁਦਿਆਂ ‘ਤੇ ਬੈਠੇ ਹਨ, ਤਾਂ ਉਹ ਬਾਬਾ ਗੁਰਦਿੱਤ ਸਿੰਘ ਵਰਗੇ ਹੋਰਨਾਂ ਵੀ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਕਾਰਨ ਹੀ ਸੰਭਵ ਹੈ। ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀਆਂ ਨੂੰ ਕੈਨੇਡਾ ਵਿਚ ਦਾਖਲਾ ਦਿਵਾਉਣ ਲਈ ਬਾਬਾ ਗੁਰਦਿੱਤ ਸਿੰਘ ਦੁਆਰਾ ਕੈਨੇਡਾ ਲਿਜਾਏ ਗਏ ਗੁਰੂ ਨਾਨਕ ਜਹਾਜ਼ ਦੇ ਸਫਰ ਦੀ 111ਵੀਂ ਵਰ੍ਹੇਗੰਢ ਸੰਬੰਧੀ ਵਿਸ਼ਾਲ ਸਮਾਗਮ ਵੈਨਕੂਵਰ (ਕੈਨੇਡਾ) ਵਿਚ 25 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਹਾਂਗਕਾਂਗ ਤੋਂ ਭਾਰਤੀ ਯਾਤਰੀਆਂ ਨੂੰ ਲੈ ਕੇ ਕੈਨੇਡਾ ਪਹੁੰਚਣ ਲਈ ਤੁਰਿਆ ਇਹ ਜਹਾਜ਼ 23 ਮਈ 1914 ਨੂੰ ਵੈਨਕੂਵਰ ਦੀ ਹਰਬਰ ਪੋਰਟ ‘ਤੇ ਪੁੱਜਾ ਸੀ। ਇਸ ਜਹਾਜ਼ ਵਿਚ 376 ਭਾਰਤੀ ਮੁਸਾਫਿਰ ਸਫਰ ਕਰ ਰਹੇ ਸਨ। ਬੀਤੇ ਸਾਲ ਵੈਨਕੂਵਰ ਦੀ ਬੰਦਰਗਾਹ ਵਿਖੇ ਉੱਘੇ ਲੇਖਕ, ਪੱਤਰਕਾਰ ਤੇ ਚਿੰਤਕ ਡਾ: ਗੁਰਵਿੰਦਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਕਰਵਾਏ ਗਏ ਇਸ ਸਮਾਗਮ ਦੌਰਾਨ ਬਾਬਾ ਗੁਰਦਿੱਤ ਸਿੰਘ ਦੁਆਰਾ ਗੁਰੂ ਨਾਨਕ ਜਹਾਜ਼ ਦੇ ਸਮੁੱਚੇ ਘਟਨਾਕ੍ਰਮ ਬਾਰੇ ਖੁਦ ਲਿਖੀ ਕਿਤਾਬ ਵੀ ਲੋਕ ਅਰਪਿਤ ਕੀਤੀ ਗਈ। ਦੱਸਣਯੋਗ ਹੈ ਕਿ ਤਲਵੰਡੀ ਦੀ ਹਾਲ ਹੀ ਵਿਚ ਛਪੀ ਕਿਤਾਬ (ਹੂਕ ਸਮੁੰਦਰੋਂ ਪਾਰ ਦੀ) ਵਿਚ ਵੀ ਗੁਰੂ ਨਾਨਕ ਜਹਾਜ਼ ਬਾਰੇ ਖੋਜ ਭਰਪੂਰ ਲੇਖ ਲਿਖਿਆ ਹੋਇਆ ਹੈ। ਇਸ ਤੋਂ ਬਿਨ੍ਹਾਂ ਤਲਵੰਡੀ ਨੇ ਪੰਜਾਬੀ ਅਦਾਕਾਰ ਤਰਸੇਮ ਜੱਸੜ ਦੀ ਫਿਲਮ ‘ਗੁਰੂ ਨਾਨਕ ਜਹਾਜ’ ਦੀ ਵੀ ਰੱਜ ਕੇ ਸ਼ਲਾਘਾ ਕੀਤੀ।