ਫਰਿਜ਼ਨੋ, 12 ਜੂਨ (ਪੰਜਾਬ ਮੇਲ)- ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋ ਸ਼ੈਰਿਫ ਡਿਪਾਰਟਮੈਂਟ ਵਿਚ ਪੁਲਿਸ ਅਫਸਰ ਭਰਤੀ ਹੋਏ ਸਾਬਤ ਸੂਰਤ ਸਿੱਖ ਨੌਜਵਾਨ ਇਕਰਾਜ਼ ਸਿੰਘ ਉੱਭੀ, ਸਪੁੱਤਰ ਪੱਤਰਕਾਰ ਕੁਲਵੰਤ ਸਿੰਘ ਧਾਲੀਆਂ ਅਤੇ ਗਗਨਦੀਪ ਸਿੰਘ ਸਿੱਧੂ, ਸਪੁੱਤਰ ਬਾਬਾ ਅਵਤਾਰ ਸਿੰਘ ਠੀਕਰੀਵਾਲ ਨੂੰ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੀਫੋਰਨੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ਾਂ ਵਿਚ ਰਹਿੰਦਿਆਂ ਗੁਰਸਿੱਖ ਸਰੂਪ ਵਿਚ ਸੇਵਾਵਾ ਨਿਭਾਉਣ ਬਦਲੇ ਸਿਰੋਪਾਓ ਅਤੇ ਪਲੈਕ ਦੇ ਕੇ ਸਨਮਾਨ ਦਿੱਤਾ ਗਿਆ ਗਿਆ। ਇਸ ਮੌਕੇ ਸ਼ੈਰਿਫ ਡਿਪਾਰਟਮੈਂਟ ਦੀ ਸੀਨੀਅਰ ਅਫ਼ਸਰਾਂ ਟੀ ਹੈਲਾਮੋਂ ਨੂੰ ਵੀ ਸਿਰੋਪਾਓ ਬਖ਼ਸ਼ਿਆ ਗਿਆ।
ਸਟੇਜ ਤੋਂ ਬੋਲਦਿਆਂ ਸ਼ੈਰਿਫ ਇਕਰਾਜ ਸਿੰਘ ਉੱਭੀ ਅਤੇ ਗਗਨਦੀਪ ਸਿੰਘ ਸਿੱਧੂ ਨੇ ਸੰਗਤਾਂ ਨਾਲ ਆਪਣੀ ਪੜ੍ਹਾਈ ਅਤੇ ਇਸ ਖੇਤਰ ਵਿਚ ਆਉਣ ਲਈ ਪ੍ਰੇਰਿਤ ਕੀਤਾ। ਜਦਕਿ ਸ਼ੈਰਿਫ ਵਿਭਾਗ ਦੀ ਸੀਨੀਅਰ ਅਧਿਕਾਰੀ ਟੀ. ਹਲਾਮੋਂ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ।
ਬਾਬਾ ਅਵਤਾਰ ਸਿੰਘ ਜੀ ਅਤੇ ਪੱਤਰਕਾਰ ਨੀਟਾ ਮਾਛੀਕੇ ਨੇ ਵੀ ਮੀਡੀਆਂ ਰਾਹੀਂ ਬੋਲਦਿਆਂ ਹੋਇਆਂ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਵਧਾਈ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ, ਬੱਚਿਆਂ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕਰਨ ਵਾਲੇ ਅਜਿਹੇ ਪ੍ਰੋਗਰਾਮ ਉਲੀਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੱਤਰਕਾਰ ਕੁਲਵੰਤ ਧਾਲੀਆਂ ਤੇ ਬਾਬਾ ਅਵਤਾਰ ਸਿੰਘ ਫਰਿਜ਼ਨੋ ਇਲਾਕੇ ਦੀਆਂ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਹਨ, ਇਨ੍ਹਾਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਲਈ ਧਾਲੀਆਂ ਅਤੇ ਸਿੱਧੂ ਪਰਿਵਾਰ ਨੂੰ ਪੰਜਾਬੀ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਗਗਨਦੀਪ ਸਿੰਘ ਸਿੱਧੂ ਅਤੇ ਇਕਰਾਜ਼ ਸਿੰਘ ਊੱਭੀ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਗੁਰੂ ਦੇ ਸਿਧਾਂਤ ਨਾਲ ਜੁੜਨ ਲਈ ਕਿਹਾ। ਇਸ ਮੌਕੇ ਸੁਪੀਰੀਅਰ ਕੋਰਟ ਫਰਿਜ਼ਨੋ ਵਿਚ ਨਿਯੁਕਤ ਹੋਏ ਜੱਜ ਗੁਰਸਿੱਖ ਨੌਜਵਾਨ ਸ. ਰਾਜ ਸਿੰਘ ਬਦੇਸ਼ਾ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਸ. ਜਗਰੂਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੀ ਸਫਲਤਾਂ ਅਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ।