ਸਰੀ, 18 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਸ਼ਰਧਾਲੂਆਂ ਵੱਨੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਇਸ ਸਾਲ ਜਿਹਨਾਂ ਛੇ ਪਰਿਵਾਰ ਨੂੰ ਬੱਚਿਆਂ ਦੀ ਦਾਤ ਨਸੀਬ ਹੋਈ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ, ਮਿੱਤਰਾਂ ਨੂੰ ਇਸ ਸ਼ੁੱਭ ਮੌਕੇ ‘ਤੇ ਦਾਅਵਤ ਦਿੱਤੀ। ਸ਼ਾਮ ਹੁੰਦੇ ਸਾਰ ਹੀ ਗੁਰਦੁਆਰਾ ਸਾਹਿਬ ਵਿਖੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਅਤੇ ਲੰਗਰ ਹਾਲ ਸੰਗਤਾਂ ਨਾਲ ਜਗਮਗ ਹੋ ਗਿਆ। ਗੁਰੂ ਘਰ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਮਧੁਰ ਕੀਰਤਨ ਨਾਲ ਨਿਹਾਲ ਕੀਤਾ।
ਹਾਜਰ ਪਰਿਵਾਰਾਂ ਅਤੇ ਸੰਗਤਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਪਰਿਵਾਰਾਂ, ਉਹਨਾਂ ਦੇ ਸੱਦੇ ਉਪਰ ਆਈ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਸ਼ੁਭ ਮੌਕੇ ‘ਤੇ ਸੰਗਤ ਨੇ ਗੁਰੂ ਘਰ ਦੇ ਪਿਛਲੇ ਪਾਸੇ ਲਾਈ ਲੋਹੜੀ ਦਾ ਵੀ ਆਨੰਦ ਮਾਣਿਆ।