#PUNJAB

ਗਿਆਨੀ ਹਰਪ੍ਰੀਤ ਸਿੰਘ ਨੇ ਐਡਵੋਕੇਟ ਹਰਜਿੰਦਰ ਧਾਮੀ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਦੁਖਦਾਈ ਕਰਾਰ ਦਿੱਤਾ

ਚੰਡੀਗੜ੍ਹ, 19 ਫਰਵਰੀ (ਪੰਜਾਬ ਮੇਲ)- ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਦੁਖਦਾਈ ਕਰਾਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਪਾਈ ਇਕ ਪੋਸਟ ਵਿਚ ਕਿਹਾ ਕਿ ਪੰਥਕ ਪ੍ਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸੱਖਣੇ ਕੁਝ ਕੁ ਨੇਤਾਵਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ ਇਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਲਈ ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ। ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜ਼ਲੀਲ ਕਰਕੇ ਬਾਹਰ ਦਾ ਰਾਹ ਦਿਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਅ ਹੀ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਕਿ ਬੰਦਾ ਖ਼ੁਦ ਹੀ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦਾ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ‘ਤੇ ਮਿਹਰ ਭਰਿਆ ਹੱਥ ਰੱਖੇ।