ਗਿਆਨੀ ਸੁਲਤਾਨ ਸਿੰਘ ਨੂੰ ਲਗਾਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਨੇ ਲਿਆ ਫੈਸਲਾ
ਅੰਮ੍ਰਿਤਸਰ, 16 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਅ ਰਹੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਵਜੋਂ ਵੀ ਸੇਵਾ ਨਿਭਾਉਣਗੇ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦਾ ਜਥੇਦਾਰ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ।
ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ, ਇਸ ਲਈ ਅੱਜ ਅੰਤ੍ਰਿੰਗ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਬਤੌਰ ਜਥੇਦਾਰ ਲਗਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਵੱਲੋਂ ਕਾਰਜਕਾਰੀ ਜਥੇਦਾਰ ਦੀ ਥਾਂ ਬਤੌਰ ਜਥੇਦਾਰ ਨਿਯੁਕਤੀ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਵਾਸਤੇ ਸਹਿਮਤੀ ਪ੍ਰਗਟਾਈ ਗਈ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਗਾਉਣ ਦਾ ਵੀ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਗਿਆਨੀ ਰਘਬੀਰ ਸਿੰਘ ਜਥੇਦਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਵੀ ਦਿੱਤੀ ਗਈ ਹੈ। ਇਸੇ ਤਰ੍ਹਾਂ ਗਿਆਨੀ ਸੁਲਤਾਨ ਸਿੰਘ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਸੇਵਾ ਵੀ ਜਾਰੀ ਰੱਖਣਗੇ। ਇਸ ਮੌਕੇ ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਭਾਈਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਵੀ ਕੀਤੀ ਹੈ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਮੋਹਨ ਸਿੰਘ ਬੰਗੀ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ. ਗੁਰਨਾਮ ਸਿੰਘ ਜੱਸਲ, ਸ. ਪਰਮਜੀਤ ਸਿੰਘ ਖਾਲਸਾ, ਸ. ਸ਼ੇਰ ਸਿੰਘ ਮੰਡਵਾਲਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ. ਭੁਪਿੰਦਰ ਸਿੰਘ ਅਸੰਧ, ਸ. ਮਲਕੀਤ ਸਿੰਘ ਚੰਗਾਲ, ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ, ਇੰਚਾਰਜ ਸ. ਅਜ਼ਾਦਦੀਪ ਸਿੰਘ ਆਦਿ ਮੌਜੂਦ ਸਨ।
ਸੰਖੇਪ ਜਾਣਕਾਰੀ (ਜਥੇਦਾਰ ਗਿਆਨੀ ਰਘਬੀਰ ਸਿੰਘ)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸ੍ਰੀ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ। ਆਪ ਨੇ ਸੰਨ 1989 ’ਚ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ 1995 ਤੱਕ ਵੱਖ-ਵੱਖ ਅਸਥਾਨਾਂ ’ਤੇ ਸੇਵਾ ਨਿਭਾਈ। 1995 ਤੋਂ ਅਪ੍ਰੈਲ 2014 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਿੰਘਾਂ ਵਿਚ ਸੇਵਾ ਨਿਭਾਈ ਅਤੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਲੜ ਲਾਇਆ। ਇਸੇ ਦੌਰਾਨ 21 ਅਪ੍ਰੈਲ 2014 ਨੂੰ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਨਿਯੁਕਤ ਹੋਏ ਅਤੇ 24 ਅਗਸਤ 2017 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ। ਗਿਆਨੀ ਰਘਬੀਰ ਸਿੰਘ ਨੂੰ ਅੱਜ 16 ਜੂਨ 2023 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਸੰਖੇਪ ਜਾਣਕਾਰੀ (ਜਥੇਦਾਰ ਗਿਆਨੀ ਸੁਲਤਾਨ ਸਿੰਘ)
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਗਿਆਨੀ ਸੁਲਤਾਨ ਸਿੰਘ ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਵੱਜੋਂ ਸੇਵਾ ਨਿਭਾਅ ਰਹੇ ਹਨ। ਗਿਆਨੀ ਸੁਲਤਾਨ ਸਿੰਘ ਸੰਨ 2008 ਵਿਚ ਬਤੌਰ ਗ੍ਰੰਥੀ ਸਿੰਘ ਭਰਤੀ ਹੋਏ ਅਤੇ ਸੰਨ 2015 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸੀਆ ਵਜੋਂ ਸੇਵਾ ਸੰਭਾਲੀ। ਸੰਨ 2021 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤ ਹੋਏ ਗਿਆਨੀ ਸੁਲਤਾਨ ਸਿੰਘ ਨੂੰ ਅੱਜ 16 ਜੂਨ 2023 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਫੈਸਲਾ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਹੈ।