ਵਾਸ਼ਿੰਗਟਨ ਡੀ.ਸੀ., 31 ਦਸੰਬਰ (ਪੰਜਾਬ ਮੇਲ)- ਅਮਰੀਕੀ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਅੰਤਰਰਾਸ਼ਟਰੀ ਯਾਤਰਾ ਲਈ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਹਵਾਈ ਅੱਡਿਆਂ ‘ਤੇ ਡੀ.ਐੱਨ.ਏ. ਕਾਨੂੰਨ ਲਾਗੂ ਹੋ ਚੁੱਕਾ ਹੈ, ਜੋ ਕਿ ਤੁਹਾਡੀ ਯਾਤਰਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਯਾਤਰੀਆਂ ਨੂੰ ਹੁਣ ਵਿਸ਼ੇਸ਼ ਬਾਇਓਮੈਟ੍ਰਿਕ ਡਾਟਾ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਹੋਵੇਗੀ। ਇਕੱਤਰ ਕੀਤਾ ਡਾਟਾ ਅਗਲੇ 75 ਸਾਲਾਂ ਲਈ ਸਟੋਰ ਰਹੇਗਾ। ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕਾਗਜ਼ਾਤ ਪਹਿਲਾਂ ਹੀ ਅੱਪ-ਟੂ-ਡੇਟ ਰੱਖਣ।
ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ‘ਚ ਗਰੀਨ ਕਾਰਡ ਹੋਲਡਰਾਂ ਅਤੇ ਹੋਰ ਅੰਤਰਰਾਸ਼ਟਰੀ ਯਾਤਰੀਆਂ ਨੂੰ ਪਰਖਣ ਲਈ ਏਅਰਪੋਰਟ ਅਤੇ ਬਾਰਡਰਾਂ ‘ਤੇ ਉੱਚ ਟੈਕਨਾਲੋਜੀ ਦੀ ਵਰਤੋਂ ਕਰਕੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਰਹੱਦੀ ਪ੍ਰਬੰਧ ਨੂੰ ਆਧੁਨਿਕ ਬਣਾਉਣਾ ਚਾਹੁੰਦੇ ਹਨ। ਜਿਸ ਦੇ ਲਈ ਹੁਣ ਗਰੀਨ ਕਾਰਡ ਸਮੇਤ ਸਾਰੇ ਗੈਰ ਅਮਰੀਕੀ ਨਾਗਰਿਕਾਂ ਦੇ ਹੁਣ ਹਵਾਈ ਅੱਡਿਆਂ, ਲੈਂਡ ਕ੍ਰਾਸਿੰਗਾਂ ਅਤੇ ਸਮੁੰਦਰੀ ਬੰਦਰਗਾਹਾਂ ਦੇ ਹਰੇਕ ਐਂਟਰੀ ਅਤੇ ਐਗਜ਼ਿਟ ਪੁਆਇੰਟ ‘ਤੇ ਯੂ.ਐੱਸ. ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦੁਆਰਾ ਬਾਇਓਮੈਟ੍ਰਿਕ ਲਏ ਜਾਣਗੇ। ਹੁਣ ਇਸ ਨੀਤੀ ਵਿਚ ਉਮਰ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਹਰ ਉਮਰ ਦੇ ਨਾਗਰਿਕ ਚਾਹੇ ਉਹ ਬੱਚਾ ਹੈ ਜਾਂ ਉਹ ਬਾਲਗ ਹੈ, ਉਨ੍ਹਾਂ ਦੇ ਬਾਇਓਮੈਟ੍ਰਿਕ ਲਏ ਜਾਣਗੇ।
ਇਹ ਪ੍ਰਕਿਰਿਆ ਦੇਸ਼ ਵਿਚ ਦਾਖਲ ਹੋਣ ਜਾਂ ਛੱਡਣ ਵੇਲੇ ਹਰ ਅਮਰੀਕੀ ਸਰਹੱਦੀ ਕ੍ਰਾਸਿੰਗ ‘ਤੇ ਹੋਵੇਗੀ।
ਇਸ ਦੇ ਨਾਲ-ਨਾਲ ਅਮਰੀਕੀ ਸਰਕਾਰ ਵੱਲੋਂ 19 ਫਲੈਗ ਕੀਤੇ ਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਾਲ ਦੀ ਘੜੀ ਯਾਤਰਾ ਨਾ ਕਰਨ ਅਤੇ ਸਥਿਤੀ ਦੇ ਫੈਸਲਿਆਂ ਦੀ ਉਡੀਕ ਕਰਨ।
29 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਵਿਚ ਰਹਿਣ ਦੀ ਯੋਜਨਾ ਬਣਾ ਰਹੇ ਸੈਲਾਨੀਆਂ ਨੂੰ ਹੁਣ 30 ਡਾਲਰ ਫੀਸ ਦਾ ਭੁਗਤਾਨ ਕਰਨਾ ਪਵੇਗਾ, ਜਿਹੜੇ ਲੋਕ ਫੀਸ ਦਾ ਭੁਗਤਾਨ ਕਰਨ ਅਤੇ ਫਿੰਗਰਪ੍ਰਿੰਟ ਤੋਂ ਇਨਕਾਰ ਕਰਨਗੇ, ਉਨ੍ਹਾਂ ਨੂੰ 5 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਅਜਿਹੇ ਯਾਤਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਾਧੂ ਸਮਾਂ ਲੈ ਕੇ ਪਹਿਲਾਂ ਏਅਰਪੋਰਟ ਪਹੁੰਚਣ, ਤਾਂਕਿ ਕੋਈ ਦੇਰੀ ਦੀ ਸੰਭਾਵਨਾ ਨਾ ਹੋਵੇ।
ਗਰੀਨ ਕਾਰਡ ਧਾਰਕਾਂ ‘ਤੇ ਨਵੀਆਂ ਯਾਤਰਾ ਪਾਬੰਦੀਆਂ ਲਾਗੂ

