#AMERICA

ਗਦਰੀ ਬਾਬਿਆਂ ਨੂੰ ਸਮਰਪਿਤ ਇੰਡੋ ਯੂ.ਐੱਸ. ਹੈਰੀਟੇਜ਼ ਫਰਿਜ਼ਨੋ ਵੱਲੋਂ ਮਨਾਇਆ ਗਿਆ ਪੰਜਾਬੀ ਚੇਤਨਾ ਦਿਹਾੜਾ

ਫਰਿਜਨੋ, 17 ਜੁਲਾਈ (ਪੰਜਾਬ ਮੇਲ)- ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ.ਐੱਸ. ਹੈਰੀਟੇਜ਼ ਵੱਲੋਂ ਇੱਕ ਸੈਮੀਨਰ ”ਪੰਜਾਬੀ ਚੇਤਨਾ ਦਿਹਾੜਾ” ਪੰਜਾਬੀ ਮਾਂ ਬੋਲੀ ਦੀ ਸਾਂਭ-ਸੰਭਾਲ ਅਤੇ ਪ੍ਰਫੁਲਤਾ ਲਈ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਪਹੁੰਚਕੇ ਬੁਲਾਰਿਆਂ ਦੇ ਵਿਚਾਰ ਸੁਣੇ ਅਤੇ ਬਾਅਦ ਵਿਚ ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਦਾ ਤੀਸਰਾ ਨਾਵਲ ”ਗਰੀਨ ਕਾਰਡ” ਅਤੇ ਸ਼ਾਇਰ ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ ”ਮਿੱਟੀ ਦਾ ਮੋਹ” ਲੋਕ ਅਰਪਣ ਕੀਤੇ ਗਏ। ਪ੍ਰੋਗਰਾਮ ਦੇ ਅਖੀਰ ਵਿਚ ਕਵੀ ਦਰਬਾਰ ਹੋਇਆ ਅਤੇ ਗਾਇਕੀ ਦਾ ਦੌਰ ਚੱਲਿਆ। ਸ਼ੁਰੂਆਤ ਨੀਟਾ ਮਾਛੀਕੇ ਨੇ ਸ਼ਾਇਰਾਨਾਂ ਅੰਦਾਜ਼ ਵਿਚ ਸਭ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਰਾਜ ਬਰਾੜ ਨੇ ਗੀਤ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ।
ਸ਼ਾਇਰ ਹਰਜਿੰਦਰ ਕੰਗ ਨੇ ਪੰਜਾਬੀ ਮਾਂ ਬੋਲੀ ‘ਤੇ ਪਰਚਾ ਪੜ੍ਹਿਆ। ਇਸ ਮੌਕੇ ਕਹਾਣੀਕਾਰ ਕਰਮ ਸਿੰਘ ਮਾਨ ਨੇ ਵਿਸ਼ੇਸ਼ ਤੌਰ ‘ਤੇ ਸਾਧੂ ਸਿੰਘ ਸੰਘਾ ਦੇ ਨਾਵਲ ਗਰੀਨ ਕਾਰਡ ‘ਤੇ ਪਰਚਾ ਪੜ੍ਹਿਆ। ਸ਼ਾਇਰ ਹਰਜਿੰਦਰ ਕੰਗ ਨੇ ਸਾਧੂ ਸਿੰਘ ਸੰਘਾ ਦੇ ਨਾਵਲ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕ ਓਹੀ ਕਾਮਯਾਬ ਹੁੰਦਾ, ਜੋ ਪਾਠਕ ਨੂੰ ਉਂਗਲ ਫੜਕੇ ਨਾਲ ਤੋਰਨ ਦੀ ਸਮਰੱਥਾ ਰੱਖਦਾ ਹੋਵੇ, ਜਿਸ ਕੋਲ ਸ਼ਬਦ ਭੰਡਾਰ ਹੋਵੇ, ਜੋ ਆਪਣੇ ਪਾਤਰਾਂ ਦੀ ਚੋਣ ਸਹੀ ਕਰੇ। ਪ੍ਰਿੰਸੀਪਲ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਨੂੰ ਬਚਾਉਣ ਦੇ ਉਪਰਾਲੇ ਸਾਨੂੰ ਘਰੋਂ ਸ਼ੁਰੂ ਕਰਨੇ ਪੈਣਗੇ। ਡਾ. ਅਰਜਨ ਸਿੰਘ ਜੋਸ਼ਨ ਨੇ ਰਣਜੀਤ ਗਿੱਲ ਦੇ ਕਾਵਿ ਸੰਗ੍ਰਹਿ ਮਿੱਟੀ ਦਾ ਮੋਹ ਸਬੰਧੀ ਬੋਲਦਿਆਂ ਕਿਹਾ ਕਿ ਸ਼ਾਇਰ ਰਣਜੀਤ ਗਿੱਲ ਪੁਰਾਤਨ ਤੇ ਅਜੋਕੀ ਸ਼ਾਇਰੀ ਦਾ ਐਸਾ ਸ਼ਾਇਰ ਹੈ, ਜਿਸ ਦੀਆਂ ਕਵਿਤਾਵਾ ਵਿਚੋਂ ਇਨਕਲਾਬੀ ਅਤੇ ਮਿੱਟੀ ਪ੍ਰਤੀ ਮੋਹ ਡੁੱਲ-ਡੁੱਲ ਪੈਂਦਾ ਹੈ। ਸੰਸਥਾ ਦੇ ਸੈਕਟਰੀ ਹੈਰੀ ਮਾਨ ਨੇ ਸੰਖੇਪ ਵਿਚ ਦੋਵੇਂ ਕਿਤਾਬਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਾਧੂ ਸਿੰਘ ਸੰਘਾ ਅਤੇ ਸ਼ਾਇਰ ਰਣਜੀਤ ਗਿੱਲ ਨੇ ਵੀ ਆਪਣੇ ਬੋਲਾ ਨਾਲ ਹਾਜ਼ਰੀਨ ਨੂੰ ਕੀਲਿਆ। ਸ਼੍ਰੋਮਣੀ ਕਮੇਟੀ ਮੈਂਬਰ ਸ. ਜੁਗਰਾਜ ਸਿੰਘ ਦੌਧਰ ਨੇ ਮਾਂ ਬੋਲੀ ਵਿਚ ਘਸੋੜੇ ਜਾ ਰਹੇ ਹਿੰਦੀ ਭਾਸ਼ਾ ਦੇ ਸ਼ਬਦਾਂ ‘ਤੇ ਚਿੰਤਾ ਜ਼ਾਹਰ ਕੀਤੀ। ਮਹਿੰਦਰ ਸਿੰਘ ਸੰਧਾਵਾਲੀਆ ਅਤੇ ਸੁਰਿੰਦਰ ਮੰਡਾਲੀ ਨੇ ਪੰਜਾਬੀ ਮਾਂ ਬੋਲੀ ਵਿਚ ਆ ਰਹੇ ਨਿਘਾਰ ਅਤੇ ਇਸ ਦੇ ਪ੍ਰਸਾਰ ਸਬੰਧੀ ਲੇਖਾ-ਜੋਖਾ ਕੀਤਾ। ਹੋਰ ਬੋਲਣ ਵਾਲੇ ਬੁਲਾਰਿਆਂ ਵਿਚ ਸਕੂਲ ਟਰੱਸਟੀ ਨੈਂਣਦੀਪ ਸਿੰਘ ਚੰਨ, ਪ੍ਰੋ. ਗੁਰਮਿੰਦਰ ਸਿੰਘ ਸੰਘਾ, ਰਜਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ। ਦੋਵੇਂ ਪੁਸਤਕਾਂ ਵਿਸ਼ਵ ਪੰਜਾਬੀ ਸਹਿਤ ਅਕਾਦਮੀ ਵੱਲੋਂ ਰਲੀਜ਼ ਕੀਤੀਆਂ ਗਈਆਂ। ਇਸ ਮੌਕੇ ਇੰਡੋ ਯੂ.ਐੱਸ. ਹੈਰੀਟੇਜ ਫਰਿਜਨੋ ਦੇ ਸਮੂਹ ਮੈਂਬਰ ਮੌਜੂਦ ਰਹੇ। ਇਸ ਮੌਕੇ ਪੰਜਾਬੀ ਭਾਈਚਾਰੇ ਦੀਆਂ ਸਿਰਕੱਢ ਸ਼ਖਸੀਅਤਾਂ ਪ੍ਰੋ. ਗੁਰਮਿੰਦਰ ਸਿੰਘ ਸੰਘਾ, ਨੈਣਦੀਪ ਸਿੰਘ ਚੰਨ ਅਤੇ ਸ਼ਾਇਰ ਹਰਜਿੰਦਰ ਕੰਗ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ।
ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸ਼ੇਅਰਾਂ ਨਾਲ ਕੀਤੀ। ਸ਼ਾਇਰ ਸੁੱਖੀ ਧਾਲੀਵਾਲ ਨੇ ਆਪਣੇ ਸ਼ੇਅਰਾਂ ਅਤੇ ਕਵਿਤਾਵਾਂ ਨਾਲ ਹਾਜ਼ਰੀ ਭਰੀ। ਕੁੰਦਨ ਸਿੰਘ ਧਾਮੀ ਨੇ ਹਾਸਰਸ ਕਵਿਤਾ ਪੜੀ। ਸਾਧੂ ਸਿੰਘ ਸੰਘਾ ਨੇ ਇਨਕਲਾਬੀ ਕਵਿਤਾ ”ਅਜ਼ਾਦੀ” ਪੜਕੇ ਵਾਹ-ਵਾਹ ਖੱਟੀ।
ਉਪਰੰਤ ਗਾਇਕੀ ਦੇ ਦੌਰ ਵਿਚ ਗਾਇਕ ਜੀ.ਐੱਸ. ਪੀਟਰ, ਪੱਪੀ ਭਦੌੜ, ਕਮਲਜੀਤ ਬੈਨੀਪਾਲ ਅਤੇ ਗੁਰਦੀਪ ਕੁੱਸਾ ਨੇ ਆਪਣੇ ਗੀਤਾਂ ਨਾਲ ਰਾਹੀਂ ਸਮਾਂ ਬੰਨ੍ਹਿਆਂ।
ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਦਾ ਸਿਹਰਾ ਸੰਸਥਾ ਦੇ ਅਣਥੱਕ ਮੈਂਬਰਾਂ ਸਾਧੂ ਸਿੰਘ ਸੰਘਾ, ਮਨਜੀਤ ਕੁਲਾਰ, ਨਿਰਮਲ ਸਿੰਘ ਧਨੌਲਾ, ਰਾਜ ਵੈਰੋਕੇ, ਸਤਵੰਤ ਸਿੰਘ ਵਿਰਕ, ਹੈਰੀ ਮਾਨ, ਸੰਤੋਖ ਸਿੰਘ ਢਿੱਲੋਂ ਅਤੇ ਰਣਜੀਤ ਗਿੱਲ, ਸੁਲੱਖਣ ਗਿੱਲ, ਬਿਲੂ ਢੀਂਡਸਾ ਪੁਸ਼ਪਿੰਦਰ ਕੁਮਾਰ, ਹੈਰੀ ਮਾਨ ਆਦਿ ਸਿਰ ਜਾਂਦਾ ਹੈ। ਇਸ ਮੌਕੇ ਉੱਘੇ ਕਿਰਸਾਨ ਸੌਗੀ ਕਿੰਗ ਚਰਨਜੀਤ ਸਿੰਘ ਬਾਠ, ਟਰਾਂਸਪੋਰਟਰ ਜੰਗੀਰ ਸਿੰਘ ਗਿੱਲ, ਕੋਸਟ ਟੂ ਕੋਸਟ ਵਾਲੇ ਹੈਰੀ, ਬਿੱਟੂ ਕੁੱਸਾ ਆਦਿ ਤੋਂ ਬਿਨਾ ਖਾਲੜਾ ਪਾਰਕ ਵਾਲੇ ਬਾਬੇ, ਜੀ.ਐੱਚ.ਜੀ. ਦੇ ਮੈਂਬਰ ਅਤੇ ਇੰਡੋ ਅਮੈਰਕਿਨ ਹੈਰੀਟੇਜ ਫੋਰਮ ਦੇ ਸਮੂਹ ਸੱਜਣ ਮੌਜੂਦ ਰਹੇ। ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।