ਬ੍ਰਿਟੇਨ, 9 ਜੁਲਾਈ (ਪੰਜਾਬ ਮੇਲ)- ਖਾਲਿਸਤਾਨ ਸਮਰਥਕਾਂ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦਾ ਘਿਰਾਓ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸਖ਼ਤ ਰੁਖ਼ ਅਪਣਾਇਆ ਹੈ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਸ ਕਲੇਵਰਲੀ ਨੇ ਕਿਹਾ ਹੈ ਕਿ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਕੋਈ ਵੀ ਹਮਲਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਅਜਿਹਾ ਹੋਣ ‘ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਸਿੱਖ ਫਾਰ ਜਸਟਿਸ ਨੇ 8 ਜੁਲਾਈ ਨੂੰ ਖਾਲਿਸਤਾਨ ਦੀ ਆਜ਼ਾਦੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਖਾਲਿਸਤਾਨ ਪੱਖੀ ਆਗੂਆਂ ਨੇ ਰੈਲੀ ਦੇ ਪ੍ਰਚਾਰ ਲਈ ਪੋਸਟਰ ਵੀ ਜਾਰੀ ਕੀਤਾ ਹੈ। “ਕਿਲ ਇੰਡੀਆ” ਸਿਰਲੇਖ ਵਾਲੇ ਪੋਸਟਰ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਪੂਰਵ ਸ਼੍ਰੀਵਾਸਤਵ ਉੱਤੇ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਆਉਣ ਵਾਲੀ ਰੈਲੀ ਦਾ ਪੋਸਟਰ ਟਵਿੱਟਰ ‘ਤੇ ਕਈ ਅਕਾਊਂਟਸ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲਖਾਨੇ ‘ਤੇ ਖਾਲਿਸਤਾਨੀਆਂ ਨੇ ਹਮਲਾ ਕੀਤਾ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਵਿਚ ਸੀਨੀਅਰ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਸਭ ਤੋਂ ਬਾਅਦ ਹੁਣ ਇਹ ਪੋਸਟਰ ਰਿਲੀਜ਼ ਹੋ ਗਿਆ ਹੈ।