#AMERICA

ਖਸ਼ੋਗੀ ਕਤਲ ਮਾਮਲਾ : ਟਰੰਪ ਨੇ ਸਾਊਦੀ ਸ਼ਹਿਜ਼ਾਦੇ ਦਾ ਬਚਾਅ ਕਰਦਿਆਂ ਅਮਰੀਕੀ ਖੁਫੀਆ ਰਿਪੋਰਟ ਨੂੰ ਨਕਾਰਿਆ

ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ‘ਬਹੁਤ ਜ਼ਿਆਦਾ ਵਿਵਾਦਪੂਰਨ’ ਕਿਹਾ
ਵਾਸ਼ਿੰਗਟਨ, 20 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਅਮਰੀਕੀ ਖੁਫੀਆ ਏਜੰਸੀਆਂ ਦੇ ਉਨ੍ਹਾਂ ਨਤੀਜਿਆਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ 2018 ਵਿਚ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਵਿਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐੱਮ.ਬੀ.ਐੱਸ.) ਦਾ ਕੁਝ ਹੱਦ ਤੱਕ ਹੱਥ ਹੋ ਸਕਦਾ ਹੈ। ਟਰੰਪ ਨੇ ਸਾਊਦੀ ਅਰਬ ਦੇ ਅਸਲ ਸ਼ਾਸਕ (ਕ੍ਰਾਊਨ ਪ੍ਰਿੰਸ) ਦਾ ਸੱਤ ਸਾਲਾਂ ਵਿਚ ਵ੍ਹਾਈਟ ਹਾਊਸ ਦੀ ਪਹਿਲੀ ਫੇਰੀ ਦੌਰਾਨ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਇਹ ਗੱਲ ਕਹੀ।
ਸਾਊਦੀ ਦੇ ਸ਼ਾਹੀ ਪਰਿਵਾਰ ਦੇ ਸਖ਼ਤ ਆਲੋਚਕ ਰਹੇ ਖਸ਼ੋਗੀ ਦੇ ਕਤਲ ਦੇ ਅਪ੍ਰੇਸ਼ਨ ਕਾਰਨ ਅਮਰੀਕਾ-ਸਾਊਦੀ ਰਿਸ਼ਤਿਆਂ ਵਿਚ ਕਾਫੀ ਗਿਰਾਵਟ ਆ ਗਈ ਸੀ। ਪਰ ਸੱਤ ਸਾਲਾਂ ਬਾਅਦ ਇਹ ਕਾਲੇ ਬੱਦਲ ਹਟ ਗਏ ਹਨ। ਟਰੰਪ 40 ਸਾਲਾ ਕ੍ਰਾਊਨ ਪ੍ਰਿੰਸ ਨਾਲ ਆਪਣੀ ਨੇੜਤਾ ਵਧਾ ਰਹੇ ਹਨ ਅਤੇ ਉਨ੍ਹਾਂ ਨੇ ਪ੍ਰਿੰਸ ਨੂੰ ਆਉਣ ਵਾਲੇ ਦਹਾਕਿਆਂ ਵਿਚ ਮੱਧ ਪੂਰਬ ਨੂੰ ਆਕਾਰ ਦੇਣ ਲਈ ਇਕ ਅਹਿਮ ਖਿਡਾਰੀ ਦੱਸਿਆ ਹੈ।
ਟਰੰਪ ਨੇ ਕ੍ਰਾਊਨ ਪ੍ਰਿੰਸ ਦਾ ਬਚਾਅ ਕਰਦਿਆਂ ਖਸ਼ੋਗੀ ਨੂੰ ‘ਬਹੁਤ ਜ਼ਿਆਦਾ ਵਿਵਾਦਪੂਰਨ’ ਵਿਅਕਤੀ ਦੱਸਿਆ ਅਤੇ ਕਿਹਾ ਕਿ ਬਹੁਤ ਸਾਰੇ ਲੋਕ ਉਸ ਸੱਜਣ ਨੂੰ ਪਸੰਦ ਨਹੀਂ ਕਰਦੇ ਸਨ। ਦੂਜੇ ਪਾਸੇ ਪ੍ਰਿੰਸ ਮੁਹੰਮਦ ਨੇ ਖਸ਼ੋਗੀ (ਜੋ ਸਾਊਦੀ ਨਾਗਰਿਕ ਸਨ ਅਤੇ ਵਰਜੀਨੀਆ ਵਿਚ ਰਹਿੰਦੇ ਸਨ) ਦੇ ਕਤਲ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।
ਟਰੰਪ ਨੇ ਓਵਲ ਆਫਿਸ ਵਿਚ ਪ੍ਰਿੰਸ ਮੁਹੰਮਦ ਦੇ ਨਾਲ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, ”ਭਾਵੇਂ ਤੁਸੀਂ ਉਸ ਨੂੰ (ਖਸ਼ੋਗੀ ਨੂੰ) ਪਸੰਦ ਕਰਦੇ ਸੀ ਜਾਂ ਨਹੀਂ, ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਪਰ ਪ੍ਰਿੰਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਸਾਨੂੰ ਇਹ ਮਾਮਲਾ ਇਥੇ ਹੀ ਛੱਡ ਦੇਣਾ ਚਾਹੀਦਾ ਹੈ। ਤੁਹਾਨੂੰ ਅਜਿਹੇ ਸਵਾਲ ਪੁੱਛ ਕੇ ਸਾਡੇ ਮਹਿਮਾਨ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ।”
ਹਾਲਾਂਕਿ, ਬਾਇਡਨ ਪ੍ਰਸ਼ਾਸਨ ਵੱਲੋਂ 2021 ‘ਚ ਜਨਤਕ ਕੀਤੀ ਗਈ ਇਕ ਰਿਪੋਰਟ ਅਨੁਸਾਰ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਸਾਊਦੀ ਕ੍ਰਾਊਨ ਪ੍ਰਿੰਸ ਨੇ ਇਸਤਾਂਬੁਲ ਵਿਚ ਸਾਊਦੀ ਕੌਂਸੁਲੇਟ ਦੇ ਅੰਦਰ ਪੱਤਰਕਾਰ ਦੇ ਕਤਲ ਨੂੰ ਸੰਭਾਵਿਤ ਤੌਰ ‘ਤੇ ਮਨਜ਼ੂਰੀ ਦਿੱਤੀ ਸੀ। ਟਰੰਪ ਦੇ ਅਧਿਕਾਰੀਆਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਸ ਰਿਪੋਰਟ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।