ਨਵੀਂ ਦਿੱਲੀ, 20 ਜੂਨ (ਪੰਜਾਬ ਮੇਲ)- ਕੌਮੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਯੂ.) ਨੂੰ ਔਰਤਾਂ ਖ਼ਿਲਾਫ਼ ਅਪਰਾਧਾਂ ਸਬੰਧੀ ਇਸ ਸਾਲ ਹੁਣ ਤੱਕ 12,600 ਸ਼ਿਕਾਇਤਾਂ ਮਿਲੀਆਂ ਹਨ, ਜਿਸ ਵਿਚੋਂ ਸਭ ਤੋਂ ਵੱਧ ਸ਼ਿਕਾਇਤਾਂ ਉੱਤਰ ਪ੍ਰਦੇਸ਼ ਤੋਂ ਦਰਜ ਕਰਵਾਈਆਂ ਗਈਆਂ ਹਨ। ਕਮਿਸ਼ਨ ਵੱਲੋਂ ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਐੱਨ.ਸੀ.ਡਬਲਯੂ. ਦੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਸ਼ਿਕਾਇਤਾਂ ‘ਮਰਿਆਦਾ ਦੇ ਅਧਿਕਾਰ’ ਵਰਗ ‘ਚ ਮਿਲੀਆਂ ਹਨ, ਜਿਸ ਵਿਚ ਘਰੇਲੂ ਹਿੰਸਾ ਤੋਂ ਇਲਾਵਾ ਹੋਰ ਸ਼ੋਸ਼ਣ ਸ਼ਾਮਲ ਹਨ।
ਇਸ ਸਬੰਧੀ ਕਮਿਸ਼ਨ ਕੋਲ 3,107 ਸ਼ਿਕਾਇਤਾਂ ਪਹੁੰਚੀਆਂ ਹਨ। ਅੰਕੜਿਆਂ ਮੁਤਾਬਕ ਇਸ ਤੋਂ ਬਾਅਦ ਘਰੇਲੂ ਹਿੰਸਾ ਦੀਆਂ 3,544 ਸ਼ਿਕਾਇਤਾਂ, ਦਾਜ ਸਬੰਧੀ ਤੰਗ-ਪ੍ਰੇਸ਼ਾਨ ਕਰਨ ਦੀਆਂ 1,957, ਛੇੜਛਾੜ ਦੀਆਂ 817 ਅਤੇ ਔਰਤਾਂ ਪ੍ਰਤੀ ਪੁਲਿਸ ਦੀ ਉਦਾਸੀਨਤਾ ਦੀਆਂ 518 ਸ਼ਿਕਾਇਤਾਂ ਤੋਂ ਇਲਾਵਾ ਜਬਰ-ਜ਼ਬਰ ਤੇ ਜਬਰ-ਜ਼ਨਾਹ ਦੀ ਕੋਸ਼ਿਸ਼ ਦੀਆਂ 657 ਸ਼ਿਕਾਇਤਾਂ ਮਿਲੀਆਂ ਹਨ। ਇਸ ‘ਚ ਕਿਹਾ ਕਿ ਕਮਿਸ਼ਨ ਨੂੰ ਜਿਨਸੀ ਸ਼ੋਸ਼ਣ ਦੀਆਂ 493, ਸਾਈਬਰ ਕ੍ਰਾਈਮ ਦੀਆਂ 339, ਪਿੱਛਾ ਕਰਨ ਦੀਆਂ 345 ਅਤੇ ਅਣਖ ਖਾਤਰ ਅਪਰਾਧਾਂ ਸਬੰਧੀ 206 ਸ਼ਿਕਾਇਤਾਂ ਪ੍ਰਾਪਤ ਹੋਈਆਂ। ਅੰਕੜਿਆਂ ਅਨੁਸਾਰ ਕਮਿਸ਼ਨ ਨੂੰ ਸਭ ਤੋਂ ਵੱਧ 6,470 ਸ਼ਿਕਾਇਤਾਂ ਉੱਤਰ ਪ੍ਰਦੇਸ਼ ਵਿਚੋਂ ਮਿਲੀਆਂ, ਜਦਕਿ ਇਸ ਮਗਰੋਂ ਦਿੱਲੀ ਵਿਚੋਂ 1,113 ਅਤੇ ਮਹਾਰਾਸ਼ਟਰ ਵਿਚੋਂ 762 ਸ਼ਿਕਾਇਤਾਂ ਪ੍ਰਾਪਤ ਹੋਈਆਂ।