#OTHERS

ਕੋਲੰਬੀਆ ‘ਚ ਫੌਜੀ ਜਹਾਜ਼ ਹੋਇਆ ਕ੍ਰੈਸ਼; 66 ਫ਼ੌਜੀ ਜਵਾਨਾਂ ਦੀ ਹੋਈ ਮੌਤ

ਕੋਲੰਬੀਆ, 24 ਮਾਰਚ (ਪੰਜਾਬ ਮੇਲ)- ਸੋਮਵਾਰ ਨੂੰ ਦੱਖਣੀ ਅਮਰੀਕਾ ਦੇ ਕੋਲੰਬੀਆ ਦੇ ਪੁਤੁਮਾਯੋ ਇਲਾਕੇ ਇਕ ਫ਼ੌਜੀ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਕ੍ਰੈਸ਼ ਹੋ ਗਿਆ ਸੀ, ਜਿਸ ਮਗਰੋਂ ਹੁਣ ਤੱਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 66 ਤੱਕ ਪਹੁੰਚ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਕੋਲੰਬੀਆਈ ਹਵਾਈ ਫ਼ੌਜ ਦਾ ਇੱਕ ਸੀ-130 ਹਰਕੂਲਸ ਟ੍ਰਾਂਸਪੋਰਟ ਜਹਾਜ਼ ਟੇਕਆਫ਼ ਕਰਨ ਦੇ ਕੁਝ ਦੇਰ ਬਾਅਦ ਹੀ ਕ੍ਰੈਸ਼ ਹੋ ਗਿਆ। ਇਸ ਜਹਾਜ਼ ਨੇ ਪੇਰੂ ਦੀ ਸਰਹੱਦ ਨੇੜੇ ਸਥਿਤ ਪੋਰਟੋ ਲੇਗੁਈਜ਼ਾਮੋ ਤੋਂ ਟੇਕਆਫ਼ ਕੀਤਾ ਸੀ ਤੇ ਸਿਰਫ਼ 1.5 ਕਿਲੋਮੀਟਰ ਬਾਅਦ ਹੀ ਜਹਾਜ਼ ਦਾ ਸੰਤੁਲਨ ਵਿਗੜ ਗਿਆ। ਜਹਾਜ਼ ਦਾ ਇੱਕ ਵਿੰਗ ਦਰੱਖਤ ਨਾਲ ਟਕਰਾ ਗਿਆ ਤੇ ਉਹ ਜੰਗਲ ਵਿਚ ਜਾ ਡਿੱਗਿਆ। ਜਹਾਜ਼ ਵਿਚ ਫ਼ੌਜੀ ਜਵਾਨਾਂ ਦੇ ਨਾਲ-ਨਾਲ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਅਤੇ ਵਿਸਫੋਟਕ ਵੀ ਲਿਜਾਇਆ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਲੱਗੀ ਅੱਗ ਕਾਰਨ ਇਹ ਧਮਾਕੇ ਹੋਏ, ਜਿਸ ਨਾਲ ਬਚਾਅ ਕਾਰਜਾਂ ਵਿਚ ਭਾਰੀ ਮੁਸ਼ਕਲ ਆਈ।
ਜਹਾਜ਼ ਵਿਚ ਕੁੱਲ 125 ਲੋਕ ਸਵਾਰ ਸਨ, ਜਿਨ੍ਹਾਂ ਵਿਚ 114 ਫ਼ੌਜੀ ਜਵਾਨ ਅਤੇ 11 ਕਰੂ ਮੈਂਬਰ ਸ਼ਾਮਲ ਸਨ। ਇਸ ਹਾਦਸੇ ‘ਚ ਹੁਣ ਤੱਕ ਘੱਟੋ-ਘੱਟ 66 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੋਟਰਸਾਈਕਲਾਂ ਰਾਹੀਂ ਨੇੜਲੀਆਂ ਕਲੀਨਿਕਾਂ ਤੱਕ ਪਹੁੰਚਾਇਆ। ਬਾਅਦ ਵਿਚ ਫ਼ੌਜੀ ਹੈਲੀਕਾਪਟਰਾਂ ਰਾਹੀਂ ਗੰਭੀਰ ਜ਼ਖ਼ਮੀਆਂ ਨੂੰ ਰਾਜਧਾਨੀ ਬੋਗੋਟਾ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਹਾਦਸੇ ‘ਤੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੇਤਰੋ ਨੇ ਡੂੰਘਾ ਦੁੱਖ ਜਤਾਇਆ ਹੈ।
ਹਰਕੂਲਸ ਸੀ-130 ਜਹਾਜ਼ ਭਾਵੇਂ ਦੁਨੀਆਂ ਭਰ ਵਿਚ ਭਰੋਸੇਮੰਦ ਮੰਨੇ ਜਾਂਦੇ ਹਨ, ਪਰ ਪੁਰਾਣੇ ਮਾਡਲਾਂ ਦੀ ਮੇਨਟੇਨੈਂਸ ਅਤੇ ਖ਼ਰਾਬ ਮੌਸਮ ਅਕਸਰ ਅਜਿਹੇ ਹਾਦਸਿਆਂ ਦਾ ਕਾਰਨ ਬਣਦੇ ਹਨ। ਫਿਲਹਾਲ ਜਾਂਚ ਟੀਮਾਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿਚ ਜੁਟੀਆਂ ਹੋਈਆਂ ਹਨ, ਪਰ ਫ਼ੌਜੀ ਜਵਾਨਾਂ ਦੇ ਵੱਡੇ ਪੱਧਰ ‘ਤੇ ਹੋਏ ਇਸ ਜਾਨੀ ਨੁਕਸਾਨ ਕਾਰਨ ਪੂਰੀ ਦੁਨੀਆਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।