ਸੈਕਰਾਮੈਂਟੋ, 28 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਦਾਲਤ ਵੱਲੋਂ ਪਿਛਲੇ ਸਾਲ ਕੋਲੋਰਾਡੋ ਦੇ ਇਕ ਐੱਲ.ਜੀ.ਬੀ.ਟੀ. ਕਿਊ ਨਾਈਟ ਕਲੱਬ ਵਿਚ ਏ.ਆਰ. ਸਟਾਈਲ ਰਾਈਫਲ ਨਾਲ ਅੰਧਾਧੁੰਦ ਗੋਲੀਬਾਰੀ ਕਰਕੇ 5 ਹੱਤਿਆਵਾਂ ਕਰਨ ਤੇ 19 ਹੋਰ ਲੋਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ 23 ਸਾਲਾ ਐਂਡਰਸਨ ਲੀ ਐਲਡਰਿਚ ਨੂੰ 2000 ਸਾਲ ਤੋਂ ਵਧ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਜੱਜ ਮਾਈਕਲ ਹੈਨਰੀ ਨੇ ਐਲਡਰਿਚ ਨੂੰ ਕਲੱਬ ਕਿਊ ਵਿਚ ਗੋਲੀਬਾਰੀ ਕਰਕੇ 5 ਪਹਿਲਾ ਦਰਜਾ ਹੱਤਿਆਵਾਂ ਕਰਨ ਦੇ ਦੋਸ਼ਾਂ ਤਹਿਤ 5 ਵਾਰ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਉਣ ਤੋਂ ਇਲਾਵਾ ਹੱਤਿਆਵਾਂ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ 2208 ਸਾਲ ਕੈਦ ਦੀ ਸਜ਼ਾ ਸੁਣਾਈ। ਸਜ਼ਾ ਕੱਟਣ ਦੌਰਾਨ ਉਸ ਦੀ ਪੈਰੋਲ ਦੀ ਕੋਈ ਸੰਭਾਵਨਾ ਨਹੀਂ ਹੈ। ਇਸਤਗਾਸਾ ਪੱਖ ਨੇ ਐਲਡਰਿਚ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨਹੀਂ ਕੀਤੀ ਕਿਉਂਕਿ ਕੋਲੋਰਾਡੋ ਨੇ 2020 ‘ਚ ਮੌਤ ਦੀ ਸਜ਼ਾ ਦੀ ਵਿਵਸਥਾ ਖਤਮ ਕਰ ਦਿੱਤੀ ਸੀ।