ਵਾਸ਼ਿੰਗਟਨ ਡੀ.ਸੀ., 6 ਮਈ (ਪੰਜਾਬ ਮੇਲ)- ਅਮਰੀਕਾ ਵਿਚ ਕੋਵਿਡ-19 ਦੌਰ ਨਾਲ ਜੁੜੀ ਇੱਕ ਵੱਡੀ ਟੈਕਸ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਲੱਖਾਂ ਨਹੀਂ, ਬਲਕਿ ਕਰੋੜਾਂ ਟੈਕਸਪੇਅਰਜ਼ ਨੂੰ ਆਈ.ਆਰ.ਐੱਸ. ਵੱਲੋਂ ਦਿੱਤੇ ਗਏ ਜੁਰਮਾਨੇ ਅਤੇ ਵਿਆਜ ਦੇ ਪੈਸੇ ਵਾਪਸ ਮਿਲ ਸਕਦੇ ਹਨ।
ਇਹ ਮਾਮਲਾ ਇੱਕ ਅਦਾਲਤੀ ਫੈਸਲੇ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਦੌਰਾਨ (ਜਨਵਰੀ 2020 ਤੋਂ ਮਈ 2023 ਤੱਕ) ਟੈਕਸ ਦੀਆਂ ਮਿਆਦਾਂ ਆਪਣੇ ਆਪ ਵਧ ਜਾਣੀਆਂ ਚਾਹੀਦੀਆਂ ਸਨ।
ਇਸਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਦੌਰਾਨ ਲੇਟ ਫਾਇਲਿੰਗ, ਲੇਟ ਫੀਸ ਜਾਂ ਵਿਆਜ ਦੇ ਰੂਪ ਵਿਚ ਪੈਸੇ ਭਰੇ ਸਨ, ਉਹ ਹੁਣ ਰਿਫੰਡ ਲਈ ਯੋਗ ਹੋ ਸਕਦੇ ਹਨ।
ਇਸ ਰਿਫੰਡ ਨੂੰ ਲੈਣ ਲਈ ਉਹ ਵਿਅਕਤੀ ਯੋਗ ਹੋਣਗੇ, ਜਿਨ੍ਹਾਂ ਨੇ ਕੋਵਿਡ ਦੌਰ ਵਿਚ ਟੈਕਸ ਦੇਰੀ ਨਾਲ ਭਰੇ ਸਨ ਅਤੇ ਜਿਨ੍ਹਾਂ ਨੂੰ ਆਈ.ਆਰ.ਐੱਸ. ਨੇ ਜੁਰਮਾਨਾ ਜਾਂ ਵਿਆਜ ਲਾਇਆ ਸੀ ਅਤੇ ਜਿਨ੍ਹਾਂ ਨੇ ਉਹ ਜੁਰਮਾਨਾ ਪਹਿਲਾਂ ਹੀ ਅਦਾ ਕਰ ਦਿੱਤਾ ਹੈ।
ਇਹ ਮੌਕਾ ਵਿਅਕਤੀਆਂ ਤੋਂ ਲੈ ਕੇ ਛੋਟੇ ਕਾਰੋਬਾਰਾਂ ਅਤੇ ਵੱਡੀਆਂ ਕੰਪਨੀਆਂ ਤੱਕ ਸਭ ਲਈ ਹੋ ਸਕਦਾ ਹੈ।
ਇਹ ਰਿਫੰਡ ਆਪਣੇ ਆਪ ਨਹੀਂ ਮਿਲੇਗਾ। ਇਹ ਰਿਫੰਡ ਟੈਕਸਪੇਅਰਜ਼ ਨੂੰ ਖੁਦ ਕਲੇਮ ਕਰਨਾ ਪਵੇਗਾ, ਜਿਸ ਲਈ ਆਖਰੀ ਤਾਰੀਖ 10 ਜੁਲਾਈ 2026 ਹੈ। ਜੇ ਇਹ ਮਿਤੀ ਮਿਸ ਹੋ ਗਈ, ਤਾਂ ਰਿਫੰਡ ਦਾ ਹੱਕ ਖਤਮ ਹੋ ਸਕਦਾ ਹੈ।
ਇਸ ਰਿਫੰਡ ਨੂੰ ਕਲੇਮ ਕਰਨ ਲਈ ਆਈ.ਆਰ.ਐੱਸ. ਦਾ ਫਾਰਮ 843 ਭਰਨਾ ਪਵੇਗਾ ਅਤੇ ਇਸਨੂੰ ਡਾਕ ਰਾਹੀਂ ਭੇਜਣਾ ਪਵੇਗਾ (ਆਨਲਾਈਨ ਨਹੀਂ)।
ਇੱਕ ਟੈਕਸਪੇਅਰ ਅਟਾਰਨੀ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ, ਜਿਸ ਕਾਰਨ ਉਹ ਆਪਣੇ ਹੱਕ ਦੇ ਪੈਸੇ ਗਵਾ ਸਕਦੇ ਹਨ।
ਕੋਰੋਨਾ ਦੌਰ ਦੇ ਟੈਕਸ ਫੈਸਲੇ ਕਾਰਨ ਇਹ ਇੱਕ ਵੱਡਾ ਮੌਕਾ ਹੈ, ਜਿਸ ਨਾਲ ਕਈ ਲੋਕਾਂ ਨੂੰ ”ਵੱਡੇ” ਰਿਫੰਡ ਮਿਲ ਸਕਦੇ ਹਨ। ਪਰ ਇਸ ਲਈ ਸਮੇਂ ‘ਤੇ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ।
ਕੋਰੋਨਾ ਦੌਰ ਦੇ ਟੈਕਸ ਮਾਮਲੇ: ਲੱਖਾਂ ਅਮਰੀਕੀ ਵਾਪਸ ਲੈ ਸਕਦੇ ਨੇ ਰਿਫੰਡ; ਪਰ ਡੈਡਲਾਈਨ ਨਜ਼ਦੀਕ

