#PUNJAB

ਕੋਟਕਪੂਰਾ ਗੋਲੀ ਕਾਂਡ: ਸੁਖਬੀਰ ਵੱਲੋਂ ਸਿਆਸੀ ਲਾਹਾ ਲੈਣ ਲਈ ਸਾਜ਼ਿਸ਼ ਰਚਣ ਦਾ ਜਾਂਚ ਟੀਮ ਨੇ ਕੀਤਾ ਦਾਅਵਾ

-ਅਗਲੀ ਸੁਣਵਾਈ 1 ਮਾਰਚ ਨੂੰ
ਫ਼ਰੀਦਕੋਟ, 27 ਫਰਵਰੀ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਦੋ ਹੋਰ ਚਲਾਨ ਇਲਾਕਾ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ‘ਚ ਪੇਸ਼ ਕਰਕੇ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਾਜਿਸ਼ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੁਲਿਸ ਅਧਿਕਾਰੀ ਸੁਮੇਧ ਸਿੰਘ ਸੈਣੀ ਨੇ ਰਚੀ ਸੀ। ਜਾਂਚ ਟੀਮ ਦੇ ਤਿੰਨ ਮੈਂਬਰਾਂ ਦੇ ਦਸਤਖਤਾਂ ਹੇਠ ਤਿਆਰ ਕੀਤੀ ਪੜਤਾਲ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ, ਜਿਸ ਵਿਚ ਕਿਹਾ ਗਿਆ ਹੈ ਕਿ ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਅਤੇ ਚੋਣਾਂ ਵਿਚ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਦੇ ਮਕਸਦ ਨਾਲ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਰਚੀ ਸੀ। ਜਾਂਚ ਟੀਮ ਨੇ ਸੁਖਬੀਰ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ.ਐੱਚ.ਓ. ਗੁਰਦੀਪ ਸਿੰਘ ਖਿਲਾਫ਼ ਜਾਂਚ ਰਿਪੋਰਟਾਂ, ਫੋਰੈਂਸਿਕ ਰਿਪੋਰਟਾਂ, ਘਟਨਾ ਦੌਰਾਨ ਵਰਤੇ ਗਏ ਅਸਲੇ ਦੀਆਂ ਰਿਪੋਰਟਾਂ, ਗਵਾਹਾਂ ਦੀ ਸੂਚੀ ਅਤੇ ਹੋਰ ਦਸਤਾਵੇਜ਼ ਅਦਾਲਤ ਨੂੰ ਸੌਂਪੇ। ਅਦਾਲਤ ਨੇ ਚਲਾਨ ਦੀਆਂ ਫਾਈਲਾਂ ਪ੍ਰਾਪਤ ਕਰਨ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਪਹਿਲੀ ਮਾਰਚ ਨਿਰਧਾਰਿਤ ਕੀਤੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਪਹਿਲੀ ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਉਸੇ ਦਿਨ ਹੀ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਬਹਿਬਲ ਗੋਲੀ ਕਾਂਡ ਦੀ ਵੀ ਸੁਣਵਾਈ ਹੋਣੀ ਹੈ।