ਪਟਿਆਲਾ, 25 ਸਤੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੂੰ ਸੇਵਾ ਮੁਕਤ ਪੈਨਸ਼ਨਰਾਂ ਲਈ ਕੈਸ਼ਲੈਸ ਸਿਹਤ ਸਕੀਮ ਦੇ ਨਿਯਮ ਸਰਲ ਬਣਾਉਣੇ ਚਾਹੀਦੇ ਹਨ, ਕਿਉਂਕਿ ਵਡੇਰੀ ਉਮਰ ਵਿਚ ਬਿਮਾਰੀਆਂ ਦੇ ਇਲਾਜ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾਮੁਕਤ ਮੁਲਾਜ਼ਮਾਂ ਦੀ ‘ਪਟਿਆਲਾ ਮੀਡੀਆ ਕਲੱਬ’ ਵਿਖੇ ਆਯੋਜਿਤ ਮਾਸਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜੀ.ਆਰ. ਕੁਮਰਾ ਨੇ ਕੀਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਜੱਦੋ-ਜਹਿਦ ਅਤੇ ਨੌਕਰੀ ਦੇ ਦਿਲਚਸਪ ਤਜ਼ਰਬੇ ਸਾਂਝੇ ਕੀਤੇ। ਮੀਟਿੰਗ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਕਰਵਾਉਣ ਦੇ ਐਲਾਨ ਦਾ ਸਵਾਗਤ ਕੀਤਾ, ਪ੍ਰੰਤੂ ਸਰਕਾਰ ਨੂੰ ਇਸ ਦੇ ਨਿਯਮ ਸਰਲ ਬਣਾਉਣੇ ਚਾਹੀਦੇ ਹਨ। ਪੈਨਸ਼ਨਰਾਂ ਦੇ ਬਕਾਇਆ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਸਮਾਂਬੱਧ ਕਰਕੇ ਦਿੱਤੇ ਜਾਣੇ ਚਾਹੀਦੇ ਹਨ। ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਹੜ੍ਹਾਂ ਤੋਂ ਪ੍ਰਭਾਵਤ ਕਿਸਾਨਾਂ ਅਤੇ ਹੋਰ ਲੋਕਾਂ ਦੀ ਆਰਥਿਕ ਮਦਦ ਲਈ ਵੱਧ ਤੋਂ ਵੱਧ ਹਿੱਸਾ ਪਾਇਆ ਜਾਵੇ। ਹੜ੍ਹਾਂ ਦੇ ਹੋਏ ਨੁਕਸਾਨ ਨੂੰ ਮੁੱਖ ਰੱਖਦਿਆਂ ਪੰਜਾਬੀਆਂ ਨੂੰ ਦੁਸਹਿਰਾ ਅਤੇ ਦੀਵਾਲੀ ਦੇ ਮੌਕੇ ‘ਤੇ ਪਟਾਕੇ ਆਦਿ ਨਹੀਂ ਚਲਾਉਣੇ ਚਾਹੀਦੇ। ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜੀਰੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਸੈਣੀ ਪ੍ਰਧਾਨ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਵੈੱਲਫ਼ੇਅਰ ਐਸੋਸੀਏਸ਼ਨ ਪਟਿਆਲਾ ਨੇ ਸੇਵਾਮੁਕਤ ਮੁਲਾਜ਼ਮਾਂ ਦੀ ਮੀਟਿੰਗ ਵਿਚ ਬੋਲਦਿਆਂ ਕੀਤਾ। ਇਸ ਮੌਕੇ ‘ਤੇ ਅਸ਼ੋਕ ਕੁਮਾਰ ਸ਼ਰਮਾ ਅਤੇ ਪਾਲ ਸਿੰਘ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ। ਸਾਰੇ ਮੈਂਬਰਾਂ ਨੇ ਦੋਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੀਟਿੰਗ ਵਿਚ ਅਮਰਜੀਤ ਸਿੰਘ ਵੜੈਚ, ਉਜਾਗਰ ਸਿੰਘ, ਸੁਰਜੀਤ ਸਿੰਘ ਸੈਣੀ, ਸੁਰਜੀਤ ਸਿੰਘ ਦੁਖੀ, ਕੁਲਜੀਤ ਸਿੰਘ, ਜੈ ਕ੍ਰਿਸ਼ਨ ਕੈਸ਼ਅਪ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਕੌਰ ਸੋਢੀ, ਸ਼ਾਮ ਸੁੰਦਰ, ਨਵਲ ਕਿਸ਼ੋਰ, ਜੀ.ਆਰ. ਕੁਮਰਾ, ਪਰਮਜੀਤ ਸਿੰਘ ਸੇਠੀ, ਗੁਰਪ੍ਰਤਾਪ ਸਿੰਘ ਜੀ.ਪੀ. ਅਤੇ ਵਜ਼ੀਰ ਸਿੰਘ ਸ਼ਾਮਲ ਹੋਏ।
ਕੈਸ਼ਲੈਸ ਸਕੀਮ ਦੇ ਨਿਯਮ ਸਰਲ ਬਣਾਏ ਜਾਣ
