ਸੈਕਰਾਮੈਂਟੋ,ਕੈਲੀਫੋਰਨੀਆ, 13 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਇਕ ਸਟੋਰ ਵਿਚ ਚੋਰ ਨੂੰ ਲੰਮਾ ਪਾ ਕੇ ਕੁੱਟਣ ਵਾਲੇ ਦੋ ਵਰਕਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਵੇਗੀ। ਇਹ ਐਲਾਨ ਕੈਲੀਫੋਰਨੀਆ ਸੈਨ ਜੋਕੁਇਨ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਦਫਤਰ ਨੇ ਕੀਤਾ ਹੈ। ਡਿਸਟ੍ਰਿਕਟ ਅਟਾਰਨੀ ਰੌਨ ਫਰੀਟਸ ਨੇ ਕਿਹਾ ਹੈ ਕਿ ਸਟਾਕਟਨ 7 ਇਲੈਵਨ ਸਟੋਰ ਵਰਕਰ ਨਾ ਹੀ ਸ਼ੱਕੀ ਦੋਸ਼ੀ ਹਨ ਤੇ ਨਾ ਹੀ ਕਦੇ ਸ਼ੱਕੀ ਦੋਸ਼ੀ ਰਹੇ ਹਨ। ਉਨਾਂ ਕਿਹਾ ਇਸ ਘਟਨਾ ਨਾਲ ਸਬੰਧਤ ਜਾਂਚ ਉਸ ਸ਼ੱਕੀ ਵਿਅਕਤੀ ਨੂੰ ਨਾਮਜ਼ਦ ਕਰੇਗੀ ਜਿਸ ਨੇ ਧਮਕੀ ਦਿੱਤੀ ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਚੋਰ ਦੀ ਪਛਾਣ ਟਾਇਰਵਨ ਫਰਾਜ਼ੀਰ (42) ਵਜੋਂ ਕੀਤੀ ਹੈ। ਸਟਾਕਟਨ ਪੁਲਿਸ ਅਨੁਸਾਰ ਫਰਾਜ਼ੀਰ ਪਹਿਲਾਂ ਵੀ ਦੋ ਵਾਰ ਇਸ ਸਟੋਰ ਨੂੰ ਲੁੱਟ ਚੁੱਕਾ ਹੈ ਤੇ ਉਸ ਨੇ ਸਟੋਰ ਵਰਕਰਾਂ ਨੂੰ ਦਖਲ ਦੇਣ ‘ਤੇ ਮਾਰ ਦੇਣ ਦੀ ਚਿਤਾਵਨੀ ਦਿੱਤੀ ਸੀ। ਇਥੇ ਜਿਕਰਯੋਗ ਹੈ ਕਿ ਚੋਰ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਦਖਲ ਦੇਣਾ ਪਿਆ ਸੀ।