#AMERICA

ਕੈਲੀਫੋਰਨੀਆ ‘ਚ ਭਾਰਤੀ ਵਿਦਿਆਰਥੀ ਦੀ ਮੌਤ, ਲਾਪਤਾ ਹੋਣ ਤੋਂ ਕੁਝ ਦਿਨਾਂ ਬਾਅਦ ਮਿਲੀ ਮ੍ਰਿਤਕ ਦੇਹ

ਕੈਲੀਫੋਰਨੀਆ, 15 ਫਰਵਰੀ (ਪੰਜਾਬ ਮੇਲ)- ਕਰਨਾਟਕ ਦੇ ਰਹਿਣ ਵਾਲੇ ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਵਿਦਿਆਰਥੀ ਸਾਕੇਤ ਸ਼੍ਰੀਨਿਵਾਸਈਆ ਦੀ ਮੌਤ ਹੋ ਗਈ ਹੈ। ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਨੇ 22 ਸਾਲਾ ਇਸ ਭਾਰਤੀ ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਰਕਲੇ ਪੁਲਿਸ ਵਿਭਾਗ ਅਨੁਸਾਰ ਸਾਕੇਤ 9 ਫਰਵਰੀ ਤੋਂ ਲਾਪਤਾ ਸੀ।

ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਣਕਾਰੀ ਦਿੰਦਿਆਂ ਲਿਖਿਆ, “ਦੂਤਾਵਾਸ ਨੂੰ ਇਹ ਦੱਸਦੇ ਹੋਏ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਸਥਾਨਕ ਪੁਲਿਸ ਨੇ ਲਾਪਤਾ ਭਾਰਤੀ ਵਿਦਿਆਰਥੀ ਸਾਕੇਤ ਸ਼੍ਰੀਨਿਵਾਸਈਆ ਦੀ ਮ੍ਰਿਤਕ ਦੇਹ ਮਿਲਣ ਦੀ ਪੁਸ਼ਟੀ ਕੀਤੀ ਹੈ। ਅਸੀਂ ਇਸ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ।”

ਦੂਤਾਵਾਸ ਨੇ ਅੱਗੇ ਕਿਹਾ ਕਿ ਉਹ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ, ਜਿਸ ਵਿੱਚ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਅਤੇ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਦੇ ਪ੍ਰਬੰਧ ਸ਼ਾਮਲ ਹਨ।

ਸਾਕੇਤ ਦੇ ਅਚਾਨਕ ਲਾਪਤਾ ਹੋਣ ਦਾ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਉਨ੍ਹਾਂ ਦੇ ਰੂਮਮੇਟ , ਬਨੀਤ ਸਿੰਘ ਨੇ ਲਿੰਕਡਇਨ ‘ਤੇ ਮਦਦ ਦੀ ਅਪੀਲ ਕੀਤੀ ਸੀ। ਬਨੀਤ ਨੇ ਲਿਖਿਆ ਸੀ ਕਿ ਸਾਕੇਤ ਨੂੰ ਆਖਰੀ ਵਾਰ ਬਰਕਲੇ ਦੀਆਂ ਪਹਾੜੀਆਂ ਵਿੱਚ ‘ਲੇਕ ਅੰਜ਼ਾ’ ਦੇ ਨੇੜੇ ਦੇਖਿਆ ਗਿਆ ਸੀ।

ਦਸ ਦਈਏ ਕਿ ਸਾਕੇਤ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਪ੍ਰੋਡਕਟ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਮਾਸਟਰ ਆਫ਼ ਸਾਇੰਸ (M.S.) ਕਰ ਰਹੇ ਸਨ। ਉਨ੍ਹਾਂ ਨੇ ਭਾਰਤੀ ਤਕਨਾਲੋਜੀ ਸੰਸਥਾ (IIT ਮਦਰਾਸ) ਤੋਂ ਕੈਮੀਕਲ ਇੰਜਨੀਅਰਿੰਗ ਵਿੱਚ ਬੈਚਲਰ ਆਫ਼ ਟੈਕਨਾਲੋਜੀ (B.Tech) ਦੀ ਪੜ੍ਹਾਈ ਪੂਰੀ ਕੀਤੀ ਸੀ।