#AMERICA

ਕੈਲੀਫੋਰਨੀਆ ‘ਚ ਪੁਲਿਸ ਹਿਰਾਸਤ ‘ਚੋਂ ਫਰਾਰ ਹੋਇਆ ਹੱਤਿਆ ਦਾ ਸ਼ੱਕੀ ਦੋਸ਼ੀ ਕਾਬੂ

ਸੈਕਰਾਮੈਂਟੋ, 12 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਕਰਾਮੈਂਟੋ ਖੇਤਰ ‘ਚ ਪੁਲਿਸ ਹਿਰਾਸਤ ‘ਚੋਂ ਫਰਾਰ ਹੋਏ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਏਰਿਕ ਜੇ ਐਬਰਿਲ ਨੂੰ ਕਾਬੂ ਕਰ ਲੈਣ ਦੀ ਖਬਰ ਹੈ। ਪਲੇਸਰ ਕਾਊਂਟੀ ਸ਼ੈਰਿਫ ਵੇਨੇ ਵੂ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਕ ਘਰ ਦਾ ਮਾਲਕ ਆਪਣੇ ਕੁੱਤੇ ਨਾਲ ਸੈਰ ਕਰ ਰਿਹਾ ਸੀ । ਕੁੱਤੇ ਨੇ ਝਾੜੀਆਂ ਵਿਚ ਹਿਲਜੁਲ ਹੋਣ ‘ਤੇ ਭੌਂਕਣਾ ਸ਼ੁਰੂ ਕਰ ਦਿੱਤਾ। ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ‘ਤੇ ਪੁਲਿਸ ਅਫਸਰਾਂ ਨੇ ਮੌਕੇ ‘ਤੇ ਪਹੁੰਚ ਕੇ ਐਬਰਿਲ ਨੂੰ ਕਾਬੂ ਕਰ ਲਿਆ। ਵੂ ਅਨੁਸਾਰ ਜਦੋਂ ਐਬਰਿਲ ਨੂੰ ਕਾਬੂ ਕੀਤਾ ਗਿਆ, ਤਾਂ ਉਸ ਨੇ ਜੇਲ੍ਹ ਵਾਲੀ ਹੀ ਸੰਤਰੀ ਰੰਗ ਦੀ ਪੈਂਟ ਪਾਈ ਹੋਈ ਸੀ ਤੇ ਉਸ ਦੇ ਹੱਥਕੜੀ ਲੱਗੀ ਹੋਈ ਸੀ। ਐਬਰਿਲ ਐਤਵਾਰ ਤੜਕਸਾਰ ਸੂਟਰ ਰੋਜਵਿਲੇ ਮੈਡੀਕਲ ਸੈਂਟਰ ਪਲੇਸਰ ਕਾਊਂਟੀ ਵਿਚੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਕਾਬੂ ਕਰਨ ਲਈ ਵੱਡੀ ਪੱਧਰ ਉਪਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਤੇ ਆਮ ਲੋਕਾਂ ਨੂੰ ਵੀ ਉਸ ਦੀ ਗ੍ਰਿਫਤਾਰੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।

Leave a comment