#AMERICA

ਕੈਲੀਫੋਰਨੀਆ ‘ਚ ਤੂਫ਼ਾਨ, ਬਾਰਿਸ਼ ਤੇ ਭਾਰੀ ਬਰਫ਼ਬਾਰੀ; ਰਾਸ਼ਟਰਪਤੀ ਵੱਲੋਂ ਮਦਦ ਦਾ ਐਲਾਨ

ਸੈਕਰਾਮੈਂਟੋ, 13 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਆਏ ਤੂਫ਼ਾਨ ਤੋਂ ਬਾਅਦ ਪਈ ਮੋਹਲੇਧਾਰ ਬਾਰਿਸ਼, ਭਾਰੀ ਬਰਫ਼ਬਾਰੀ ਤੇ ਤੇਜ਼ ਹਵਾਵਾਂ ਨੇ ਨੀਵੇਂ ਇਲਾਕਿਆਂ ਵਿਚੋਂ ਲੋਕਾਂ ਨੂੰ ਨਿਕਲਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦਰਮਿਆਨ ਰਾਸ਼ਟਰਪਤੀ ਜੋਅ ਬਾਇਡਨ ਨੇ ਹਾਲਾਤ ਦੇ ਮੱਦੇਨਜ਼ਰ ਰਾਜ ਲਈ ਸੰਘੀ ਹੰਗਾਮੀ ਸਥਿਤੀ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਤਹਿਤ ਸੰਘੀ ਐਮਰਜੈਂਸੀ ਮੈਨਜਮੈਂਟ ਏਜੰਸੀ ਵੱਲੋਂ ਸਹਾਇਤਾ ਦਾ ਰਾਹ ਖੁੱਲ੍ਹ ਗਿਆ ਹੈ। ਕਈ ਥਾਵਾਂ ‘ਤੇ ਦਰੱਖਤ ਡਿੱਗਣ ਤੇ ਢਿੱਗਾਂ ਡਿੱਗਣ ਕਾਰਨ ਰਸਤੇ ਬੰਦ ਹੋ ਗਏ ਹਨ। ਭਾਰੀ ਬਾਰਿਸ਼ ਕਾਰਨ ਓਕਲੈਂਡ ਵਿਚ ਇਕ ਵੇਅਰ ਹਾਊਸ ਦੀ ਛੱਤ ਡਿੱਗ ਜਾਣ ਦੇ ਸਿੱਟੇ ਵਜੋਂ ਉਸ ਹੇਠਾਂ ਆ ਕੇ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਸਾਂਟਾ ਕਰੂਜ਼ ਕਾਊਂਟੀ ‘ਚ ਵਾਟਸਨਵਿਲੇ ਵਿਚ ਪ੍ਰਸ਼ਾਸਨ ਨੇ ਦਰਿਆਵਾਂ ਤੇ ਨਦੀਆਂ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਹੇਠਲੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦਾ ਆਦੇਸ਼ ਦਿੱਤਾ ਹੈ। ਪੂਰਬੀ ਸੀਏਰਾ ਵਿਚ ਹੇਠਲੇ ਪੱਧਰ ਉਪਰ ਬਰਫ਼ਬਾਰੀ ਹੋਣ ਉਪਰੰਤ ਭਾਰੀ ਬਾਰਿਸ਼ ਦੀ ਚਿਤਵਾਨੀ ਜਾਰੀ ਕੀਤੀ ਗਈ ਹੈ।

Leave a comment