#CANADA

ਕੈਲਗਰੀ ਵਿਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਤਭਰੇ ਹਾਲਾਤ ‘ਚ ਮੌਤ

ਐਡਮਿੰਟਨ, 29 ਜਨਵਰੀ (ਪੰਜਾਬ ਮੇਲ)-ਕੈਲਗਰੀ ਦੇ ਰੈੱਡਸਟੋਨ ਵਿਚ ਇਕ ਘਰ ਵਿਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਮੌਤ ਹੋਣ ਦੀ ਖਬਰ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਆਪਸ ਵਿਚ ਲੜਾਈ ਹੋਈ ਤੇ ਇਨ੍ਹਾਂ ਨੇ ਇਕ ਦੂਜੇ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਸਵੇਰੇ 12:41 ਵਜੇ ਦੇ ਕਰੀਬ ਇਸ ਘਰ ਵਿਚ ਸ਼ੋਰ-ਸ਼ਰਾਬੇ ਦੀ ਰਿਪੋਰਟ ਮਿਲੀ।
ਪੁਲਿਸ ਅਧਿਕਾਰੀ ਅਨੁਸਾਰ ਜਦੋਂ ਉਹ ਰੈੱਡਸਟੋਨ ਪਾਰਕ ਦੇ ਨੇੜੇ ਇੱਕ ਘਰ ਵਿਚ ਪਹੁੰਚੇ, ਤਾਂ ਦੋ ਜਣਿਆਂ ‘ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਮਿਲੇ। ਇਸ ਦੌਰਾਨ ਇਕ ਜਣੇ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹਸਪਤਾਲ ਵਿਚ ਮੌਤ ਹੋਣ ਬਾਰੇ ਪਤਾ ਲੱਗਿਆ।
ਕੈਲਗਰੀ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਮਾਮਲੇ ਦੀ ਹੋਮੀਸਾਈਡ ਯੂਨਿਟ ਜਾਂਚ ਕਰ ਰਹੀ ਹੈ। ਇਨ੍ਹਾਂ ਦੋਵਾਂ ਦੇ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਵਿਚ ਜਾਣਕਾਰੀ ਰੱਖਣ ਵਾਲੇ ਨੂੰ 403-266-1234 ‘ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਜੇ ਕਿਸੇ ਨੇ ਆਪਣੀ ਜਾਣਕਾਰੀ ਗੁਪਤ ਰੱਖਣੀ ਹੈ ਤਾਂ ਉਹ ਇਸ ਨੰਬਰ 1-800-222-8477 ‘ਤੇ ਸੰਪਰਕ ਕਰ ਸਕਦਾ ਹੈ।