ਕੈਲਗਰੀ, 27 ਅਗਸਤ (ਪੰਜਾਬ ਮੇਲ)- ਕੈਲਗਰੀ ‘ਚ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਸਾਬਕਾ ਐੱਮ.ਐੱਲ.ਏ. ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਵਿਚ 20 ਸਾਲਾ ਅਰਜਨ ਗਿੱਲ ਦੀ ਮੌਤ ਹੋ ਗਈ। ਕੈਲਗਰੀ ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਹਾਲਾਂਕਿ ਮ੍ਰਿਤਕ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ ਹੈ।
ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਰਾਤ ਨਾਰਥ ਵੈਸਟ ਕੈਲਗਰੀ ਵਿਚ ਹੋਇਆ। ਕੈਲਗਰੀ ਟਰੈਫ਼ਿਕ ਪੁਲਿਸ ਦੇ ਸਾਰਜੈਂਟ ਸ਼ੀਨ ਸ਼ਰਮਨ ਨੇ ਦੱਸਿਆ ਕਿ ਅਰਜਨ ਗਿੱਲ ਆਪਣੇ ਮੋਟਰਸਾਈਕਲ ‘ਤੇ 16 ਐਵਿਨਿਊ ਤੋਂ ਪੱਛਮ ਵੱਲ ਜਾ ਰਿਹਾ ਸੀ, ਜਦੋਂ ਕਿ ਦੱਖਣ ਵੱਲੋਂ ਆ ਰਹੀ ਐੱਸ.ਯੂ.ਵੀ. ਨੇ ਇਕ ਚੌਕ ‘ਚ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਅਰਜਨ ਗਿੱਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐੱਸ.ਯੂ.ਵੀ. ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ‘ਤੇ ਹੀ ਰਿਹਾ ਅਤੇ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿਚ ਉਸ ਨੇ ਸਹਿਯੋਗ ਦਿੱਤਾ।
ਪੁਲਿਸ ਦਾ ਮੰਨਣਾ ਹੈ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਸੀ, ਜੋ ਹਾਦਸੇ ਦਾ ਇੱਕ ਕਾਰਨ ਹੋ ਸਕਦਾ ਹੈ। ਕੈਲਗਰੀ ਪੁਲਿਸ ਵੱਲੋਂ ਇਸ ਸੜਕ ਹਾਦਸੇ ਬਾਰੇ ਕੋਈ ਵੀ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਣ ‘ਤੇ ਪੁਲਿਸ ਨਾਲ 403-266-1234 ਰਾਹੀਂ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੰਜਾਬੀ ਮੂਲ ਦੇ ਪ੍ਰਭ ਗਿੱਲ ਜ਼ਿਮਨੀ ਚੋਣ ਵਿਚ ਕੈਲਗਰੀ ਗ੍ਰੀਨ ਵੇ ਰਾਈਡਿੰਗ ਤੋਂ ਐੱਮ.ਐੱਲ.ਏ. ਚੁਣੇ ਗਏ ਸਨ। 2018 ਦੌਰਾਨ ਇਕ ਵਿਵਾਦ ਦੇ ਚਲਦਿਆਂ ਗਿੱਲ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬੀ ਭਾਈਚਾਰੇ ਵੱਲੋਂ ਪ੍ਰਭ ਗਿੱਲ ਨਾਲ ਪੁੱਤਰ ਦੇ ਦੇਹਾਂਤ ‘ਤੇ ਅਫ਼ਸੋਸ ਜ਼ਾਹਰ ਕੀਤਾ ਜਾ ਰਿਹਾ ਹੈ।
ਕੈਲਗਰੀ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਪੁੱਤ ਦੀ ਸੜਕ ਹਾਦਸੇ ‘ਚ ਮੌਤ
