#PUNJAB

ਕੈਪਟਨ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਪਟਿਆਲਾ, 26 ਅਕਤੂਬਰ (ਪੰਜਾਬ ਮੇਲ)- ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਦੇ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਵਿਜੀਲੈਂਸ ਨੂੰ ਭਰਤ ਇੰਦਰ ਸਿੰਘ ਚਹਿਲ ਨੂੰ 28 ਅਕਤੂਬਰ ਤੱਕ ਗ੍ਰਿਫਤਾਰ ਕਰ ਕੇ ਪੇਸ਼ ਕਰਨ ਲਈ ਕਿਹਾ ਹੈ। ਵਿਜੀਲੈਂਸ ਬਿਊਰੋ ਪਟਿਆਲਾ ਨੇ ਚਹਿਲ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਕਾਫੀ ਸਮਾਂ ਜਾਂਚ ਕੀਤੀ, ਜਿਸ ’ਚ ਉਸ ਦੇ ਸਰਹਿੰਦ ਰੋਡ ਸਥਿਤ ਪੈਲੇਸ ਅਤੇ ਜੇਲ ਰੋਡ ’ਤੇ ਬਣੇ ਸ਼ਾਪਿੰਗ ਕੰਪਲੈਕਸ ਤੋਂ ਇਲਾਵਾ ਨਾਭਾ ਰੋਡ ’ਤੇ ਸਥਿਤ ਜ਼ਮੀਨ ਸ਼ਾਮਲ ਹੈ। ਇਸ ਦੀ ਪੈਮਾਇਸ਼ ਕਰ ਕੇ ਲੰਬੀ ਜਾਂਚ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ।

ਚਹਿਲ ਪਹਿਲਾਂ ਵਿਜੀਲੈਂਸ ਦੇ ਸਾਹਮਣੇ ਬੀਮਾਰੀ ਕਾਰਨ ਪੇਸ਼ ਹੀ ਨਹੀਂ ਹੋਏ ਸਨ। ਫਿਰ ਕਾਫੀ ਕਸ਼ਮਕਸ਼ ਤੋਂ ਬਾਅਦ ਵਿਜੀਲੈਂਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ’ਚ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਹੁਣ ਅਦਾਲਤ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਪੇਸ਼ ਕਰਨ ਲਈ ਕਿਹਾ ਹੈ।