ਸਰੀ, 8 ਫਰਵਰੀ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਮਾਲ ਵਿਚ ਲੋਡਿਡ ‘ਘੋਸਟ ਗੰਨ’ ਲੈ ਕੇ ਜਾਣ ਦੇ ਦੋਸ਼ ਵਿਚ ਇਕ 23 ਸਾਲਾ ਭਾਰਤੀ-ਕੈਨੇਡੀਅਨ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਓਨਟਾਰੀਓ ਸਥਿਤ ਸੀ.ਟੀ.ਵੀ. ਨਿਊਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਅਰੁਣਜੀਤ ਸਿੰਘ ਵਿਰਕ, ਜਿਸ ਨੂੰ ਮਾਰਚ 2021 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ‘ਤੇ 10 ਸਾਲਾਂ ਲਈ ਕੋਈ ਵੀ ਹਥਿਆਰਬੰਦ, ਵਰਜਿਤ ਹਥਿਆਰ ਜਾਂ ਗੋਲਾ-ਬਾਰੂਦ ਰੱਖਣ ਦੀ ਪਾਬੰਦੀ ਲਗਾਈ ਗਈ ਹੈ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਵਿਚ ਹਾਲ ਹੀ ਵਿਚ ਪੇਸ਼ ਕੀਤੀ ਗਈ ਸਜ਼ਾ ਤੋਂ ਪਹਿਲਾਂ ਦੀ ਰਿਪੋਰਟ ਵਿਚ ਵਿਰਕ ਨੇ ਮੰਨਿਆ ਕਿ ਇਕ ਬਿਜ਼ੀ ਮਾਲ ਵਿਚ ਇਕ ਲੋਡਿਡ ਬੰਦੂਕ ਲਿਆਉਣਾ ਕਿੰਨਾ ਖਤਰਨਾਕ ਹੋ ਸਕਦਾ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਇਕ ਪੁਲਿਸ ਅਧਿਕਾਰੀ 28 ਮਾਰਚ 2021 ਨੂੰ ਬਰਨਬੀ ਵਿਚ ਮੈਟਰੋਟਾਊਨ ਸ਼ਾਪਿੰਗ ਸੈਂਟਰ ਵਿਚ ਗਸ਼ਤ ਕਰ ਰਿਹਾ ਸੀ, ਜਦੋਂ ਉਸਨੇ ਵਿਰਕ ਨੂੰ ਇਕ ਸ਼ੱਕੀ ਡਰੱਗ ਦਾ ਸੌਦਾ ਕਰਦੇ ਵੇਖਿਆ। ਵਿਰਕ ਨੇ ਜਦੋਂ ਅਧਿਕਾਰੀ ਨੂੰ ਦੇਖਿਆ ਤਾਂ ਉਹ ਮਾਲ ਵਿਚੋਂ ਬਾਹਰ ਨਿਕਲ ਗਿਆ ਅਤੇ ਇਕ ਟੈਕਸੀ ਵਿਚ ਬੈਠ ਗਿਆ ਪਰ ਪੁਲਿਸ ਨੇ ਤੁਰੰਤ ਕੈਬ ਰੋਕ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜੱਜ ਰੇਜੀਨਾਲਡ ਪੀ. ਹੈਰਿਸ ਨੇ ਕਿਹਾ ਕਿ ਜਦੋਂ ਪੁਲਿਸ ਨੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਇਕ ਲੋਡਿਡ ਪੋਲੀਮਰ 80 ਮਾਡਲ ਅਰਧ-ਆਟੋਮੈਟਿਕ ਹੈਂਡਗੰਨ ਮਿਲੀ। ਉਨ੍ਹਾਂ ਕਿਹਾ ਕਿ ਪੁਲਿਸ ਇਹ ਪਤਾ ਨਹੀਂ ਲਗਾ ਸਕੀ ਕਿ ਇਹ ਬੰਦੂਕ ਕਿੱਥੋਂ ਆਈ, ਕਿਉਂਕਿ ਇਹ ਘੋਸਟ ਗੰਨ ਸੀ। ਘੋਸਟ ਗੰਨ ਦੇਸੀ ਬੰਦੂਕ ਹੁੰਦੀ ਹੈ। ਇਨ੍ਹਾਂ ਵਿਚ ਕੋਈ ਸੀਰੀਅਲ ਨੰਬਰ ਨਹੀਂ ਹੁੰਦਾ ਹੈ।