ਪਾਬੰਦੀਸ਼ੁਦਾ ਸੰਗਠਨ ਨਾਲ ਜੁੜੇ ਹੋਣ ਦਾ ਮਾਮਲਾ
-ਇੱਕ ਸਾਲ ਤੱਕ ਚੱਲੀ ਜਾਂਚ
ਵਿਨੀਪੈੱਗ, 14 ਨਵੰਬਰ (ਪੰਜਾਬ ਮੇਲ)- ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਉਰਫ਼ ਸੰਨ੍ਹੀ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ। ਕਥਿਤ ਤੌਰ ‘ਤੇ ਸੰਦੀਪ ਦਾ ਨਾਮ ਅੱਤਵਾਦ ਅਤੇ ਕਤਲ ਨਾਲ ਜੋੜਿਆ ਗਿਆ ਸੀ, ਪਰ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਦੇ ਕੋਈ ਸਬੂਤ ਨਹੀਂ ਹਨ। ਸੰਦੀਪ ਪਿਛਲੇ 2 ਦਹਾਕਿਆਂ ਤੋਂ ਸੀ.ਬੀ.ਐੱਸ.ਏ. ਨਾਲ ਜੁੜਿਆ ਹੈ। ਉਸ ਨੇ ਦੱਸਿਆ ਕਿ ਉਹ ਪੱਗ ਨਹੀਂ ਬੰਨ੍ਹਦਾ, ਨਾ ਉਸ ਦਾ ਸਿੱਖ ਵੱਖਵਾਦੀ ਸਿਆਸਤ ਨਾਲ ਕੋਈ ਸਬੰਧ ਹੈ। ਪਰ ਇਸ ਬਾਰੇ ਉਸ ਦਾ ਨਾਮ ਅਤੇ ਤਸਵੀਰ ਕਈ ਭਾਰਤੀ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ‘ਤੇ ਨਸ਼ਰ ਹੋਈ, ਜਿਸ ਵਿਚ ਭਾਰਤ ਦੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਸੀ।
ਇਕ ਭਾਰਤੀ ਅਖ਼ਬਾਰ ਨੇ ਪਾਬੰਦੀਸ਼ੁਦਾ ਸੰਗਠਨ ਆਈ.ਐੱਸ.ਵਾਈ.ਐੱਫ. (ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ) ਦਾ ਮੈਂਬਰ ਦੱਸਿਆ ਅਤੇ ਲਿਖਿਆ ਕਿ ਉਹ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਪ੍ਰਚਾਰਨ ਦਾ ਸ਼ੱਕੀ ਹੈ। ਕਈ ਭਾਰਤੀ ਮੀਡੀਆ ਰਿਪੋਰਟਾਂ ਵਿਚ ਸੰਦੀਪ ਖ਼ਿਲਾਫ਼ ਦੋਸ਼ਾਂ ਦੇ ਸੂਤਰ ਵੱਜੋਂ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਹਵਾਲਾ ਦਿੱਤਾ ਸੀ। ਸੰਦੀਪ ਨੇ ਇਨ੍ਹਾਂ ਰਿਪੋਰਟਾਂ ਬਾਰੇ ਕਿਹਾ ਕਿ ਉਸ ਦੇ ਉਕਤ ਸੰਗਠਨਾਂ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਉਸ ਨੇ ਕਦੇ ਇਨ੍ਹਾਂ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਉਹ ਇਨ੍ਹਾਂ ਸੰਗਠਨਾਂ ਨੂੰ ਜਾਣਦਾ ਤੱਕ ਨਹੀਂ।
1 ਅਕਤੂਬਰ 2023 ਨੂੰ ਸੰਦੀਪ ਦੇ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਸੰਦੀਪ ਦਾ ਨਾਮ ਇੱਕ ਯੂ ਟਿਊਬ ਵੀਡੀਓ ‘ਚ ਆਇਆ ਹੈ, ਜਿਸ ਨੂੰ ਭਾਰਤੀ ਫ਼ੌਜ ਦੇ ਸਾਬਕਾ ਮੇਜਰ ਗੌਰਵ ਆਰਿਆ ਨੇ ਬਣਾਇਆ ਹੈ। ਭਾਰਤ ਦੇ ਦੁਸ਼ਮਣਾਂ ਅਤੇ ਵਿਦੇਸ਼ਾਂ ਵਿਚ ਰਹਿੰਦੇ ਭਗੌੜਿਆਂ ਦੀ ਸੂਚੀ ਵਾਲੀ ਇੱਕ ਵੀਡੀਓ ਵਿਚ ਆਰਿਆ ਨੇ ਸੰਦੀਪ ਦੀ ਪਛਾਣ ਸਿੱਖ ਵੱਖਵਾਦੀ, ਖਾੜਕੂਵਾਦ ਵਿਚ ਸ਼ਾਮਲ ਇੱਕ ਲੋੜੀਂਦੇ ਅੱਤਵਾਦੀ ਵਜੋਂ ਕੀਤੀ ਅਤੇ ਉਸ ਦੇ ਘਰ ਦਾ ਪਤਾ ਵੀ ਸਾਂਝਾ ਕੀਤਾ। ਵੀਡੀਓ ਕਈ ਮਹੀਨਿਆਂ ਤੱਕ ਯੂਟਿਊਬ ‘ਤੇ ਰਹੀ ਪਰ ਬਾਅਦ ਵਿਚ ਇਸ ਨੂੰ ਹਟਾ ਦਿੱਤਾ ਗਿਆ ਹੈ। ਸੰਦੀਪ ਨੇ ਦੱਸਿਆ ਕਿ ਉਸ ਨੇ ਸੀ.ਬੀ.ਐੱਸ.ਏ. ਨੂੰ ਇਨ੍ਹਾਂ ਦੋਸ਼ਾਂ ਬਾਰੇ ਜਾਣੂ ਕਰਵਾਇਆ।
ਸੀ.ਬੀ.ਐੱਸ.ਏ. ਨੇ ਸੰਦੀਪ ਦੀ ਜਾਂਚ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਨੇ ਦੋ ਦਿਨ ਪੌਲੀਗਰਾਫ਼ ਟੈੱਸਟ ਵੀ ਕੀਤੇ। ਸੰਦੀਪ ਨੇ ਕਿਹਾ, ਮੈਂ ਇੱਕ ਸਾਲ ਲੰਬੀ ਜਾਂਚ ਵਿਚੋਂ ਲੰਘਿਆ, ਜਿੱਥੇ ਉਨ੍ਹਾਂ ਨੇ ਮੇਰੇ ਪਰਿਵਾਰ ਨਾਲ ਗੱਲ ਕੀਤੀ ਹੈ, ਉਨ੍ਹਾਂ ਨੇ ਮੇਰੇ ਸਹਿਕਰਮੀਆਂ ਨਾਲ ਗੱਲ ਕੀਤੀ ਹੈ, ਉਨ੍ਹਾਂ ਨੇ ਮੇਰੇ ਵਿੱਤੀ ਲੈਣ-ਦੇਣ ਨੂੰ ਦੇਖਿਆ, ਉਨ੍ਹਾਂ ਨੇ ਮੇਰੀਆਂ ਬੈਂਕ ਸਟੇਟਮੈਂਟਾਂ, ਮੇਰੇ ਟੈਲੀਫ਼ੋਨ ਰਿਕਾਰਡਾਂ ਨੂੰ ਦੇਖਿਆ।
ਪਿਛਲੇ ਮਹੀਨੇ, ਯਾਨੀ ਸ਼ੁਰੂਆਤੀ ਵੀਡੀਓ ਤੋਂ ਤਕਰੀਬਨ ਇੱਕ ਸਾਲ ਬਾਅਦ, ਸੰਦੀਪ ਭਾਰਤੀ ਅਖ਼ਬਾਰਾਂ ਅਤੇ ਟੀ.ਵੀ. ਦੀਆਂ ਸੁਰਖ਼ੀਆਂ ਵਿਚ ਆਇਆ। ਸੋਸ਼ਲ ਮੀਡੀਆ ‘ਤੇ ਵੀ ਉਸ ਨੂੰ ਧਮਕੀਆਂ ਦਾ ਹੜ੍ਹ ਆ ਗਿਆ।
ਪਿਛਲੇ ਮਹੀਨੇ ਸੀ.ਬੀ.ਐੱਸ.ਏ. ਨੇ ਆਪਣੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੰਦੀਪ ਖ਼ਿਲਾਫ਼ ਦਾਅਵਿਆਂ ਬਾਬਤ ਕੋਈ ਸਬੂਤ ਨਹੀਂ ਮਿਲਿਆ ਅਤੇ ਸੰਦੀਪ ਨੂੰ ਬਹਾਲ ਕਰ ਦਿੱਤਾ ਗਿਆ ਹੈ। ਸੀ.ਬੀ.ਐੱਸ.ਏ. ਦੇ ਬੁਲਾਰੇ ਲਿਊਕ ਰੀਮਰ ਨੇ ਦੱਸਿਆ ਸੀ.ਬੀ.ਐੱਸ.ਏ. ਕੋਲ ਸਾਡੇ ਮੁਲਾਜ਼ਮ ਸ਼੍ਰੀ ਸਿੱਧੂ ਵਿਰੁੱਧ ਆਰਟੀਕਲਾਂ ਵਿਚ ਲਗਾਏ ਗਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ। ਸੰਦੀਪ ਦੇ ਵਕੀਲ ਦਾ ਕਹਿਣਾ ਹੈ ਕਿ ਭਾਵੇਂ ਉਸ ਨੂੰ ਸੀ.ਬੀ.ਐੱਸ.ਏ. ਨੇ ਕਲੀਨ ਚਿੱਟ ਦੇ ਦਿੱਤੀ ਹੈ, ਪਰ ਸੰਦੀਪ ਨੂੰ ਲੱਗਦਾ ਹੈ ਕਿ ਉਸਨੂੰ ਅਜੇ ਵੀ ਖ਼ਤਰਾ ਹੈ।