#CANADA

Canada ਸਰਕਾਰ ਵੱਲੋਂ ਕੱਚੇ ਵਿਦੇਸ਼ੀ ਕਾਮਿਆਂ ਦੀ ਗਿਣਤੀ ‘ਚ ਵੱਡੀ ਕਟੌਤੀ

-ਵਿਦੇਸ਼ੀ ਵਿਦਿਆਰਥੀਆਂ ਪਿੱਛੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੀ ਘਟਾਈ
ਵੈਨਕੂਵਰ, 25 ਮਾਰਚ (ਪੰਜਾਬ ਮੇਲ)- ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਸੀਮਤ ਕਰਨ ਤੋਂ ਬਾਅਦ ਕੈਨੇਡਾ ਸਰਕਾਰ ਕੱਚੇ ਵਿਦੇਸ਼ੀ ਕਾਮਿਆਂ ਦੀ ਗਿਣਤੀ ‘ਚ ਵੱਡੀ ਕਟੌਤੀ ਕਰ ਰਹੀ ਹੈ। ਇਸ ਮੌਕੇ ਇਥੇ ਅਸਥਾਈ ਤੌਰ ‘ਤੇ ਰਹਿੰਦੇ 25 ਲੱਖ ਵਿਦੇਸ਼ੀਆਂ (ਟੀ.ਆਰ.) ਦੀ ਗਿਣਤੀ ਨੂੰ ਆਉਂਦੇ ਸਤੰਬਰ ਤੱਕ ਘਟਾ ਕੇ 20 ਲੱਖ ਕੀਤਾ ਜਾਏਗਾ। ਆਵਾਸ ਮੰਤਰੀ ਮਾਈਕ ਮਿਲਰ ਨੇ ਵਿਭਾਗ ਵਲੋਂ ਲਏ ਫੈਸਲੇ ਬਾਰੇ ਬੀਤੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਸਰਕਾਰ ਆਵਾਸ ਨਿਯਮਾਂ ਵਿਚਲੀਆਂ ਚੋਰ ਮੋਰੀਆਂ ਰਾਹੀਂ ਬੇਈਮਾਨ ਲੋਕਾਂ ਵਲੋਂ ਕੀਤੇ ਜਾਂਦੇ ਕਾਲੇ ਧੰਦੇ ਬੰਦ ਕਰਨਾ ਚਾਹੁੰਦੀ ਹੈ, ਜਿਸ ਲਈ ਸਖਤ ਫੈਸਲੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਤਰੀ ਨੇ ਕਿਹਾ ਦੇਸ਼ ‘ਚ ਕੁੱਲ ਆਬਾਦੀ ਦਾ ਸਵਾ 6 ਫੀਸਦ ਕੱਚੇ ਕਾਮੇ ਹਨ, ਜਿਸ ਨੂੰ ਘਟਾ ਕੇ ਸਤੰਬਰ ਤੱਕ 5 ਫੀਸਦੀ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਵਪਾਰਕ ਅਦਾਰਿਆਂ ਨੂੰ 30 ਫੀਸਦੀ ਕੱਚੇ ਵਿਦੇਸ਼ੀ ਕਾਮੇ ਸੱਦਣ ਦੀ ਛੋਟ ਹੁਣ 20 ਫੀਸਦੀ ਹੋਵੇਗੀ। ਆਵਾਸ ਮੰਤਰੀ ਦੇ ਨਾਲ ਬੈਠੀ ਰੁਜ਼ਗਾਰ ਮੰਤਰੀ ਰੈਂਡੀ ਬੋਇਸਨੌਲਟ ਨੇ ਇਸ 10 ਫੀਸਦੀ ਦੇ ਤੋੜ ਦਾ ਬਦਲ ਸੁਝਾਉਂਦਿਆਂ ਦੱਸਿਆ ਕਿ ਵਪਾਰਕ ਅਦਾਰੇ ਹੁਣ ਦੇਸ਼ ‘ਚ ਪਨਾਹ ਮੰਗਣ ਵਾਲਿਆਂ ਨੂੰ ਕੰਮ ‘ਤੇ ਰੱਖ ਸਕਣਗੇ ਤੇ ਉਨ੍ਹਾਂ ਪਨਾਹੀਆਂ ਲਈ ਕੰਮ ਦਾ ਉਹ ਤਜ਼ਰਬਾ ਉਨ੍ਹਾਂ ਦੇ ਪੱਕੇ ਹੋਣ ਵਿਚ ਸਹਾਈ ਹੋਵੇਗਾ। ਅਮਾਈਕ ਮਿਲਰ ਨੇ ਸਪਸ਼ਟ ਕੀਤਾ ਕਿ ਸਿਸਟਮ ਨੂੰ ਵਿਦੇਸ਼ੀ ਕੱਚੇ ਕਾਮਿਆਂ ਦੀ ਨਿਰਭਰਤਾ ‘ਚੋਂ ਉਭਾਰਨ ਲਈ ਕਾਰਜਕੁਸ਼ਲ ਤੇ ਸਵੈ-ਨਿਰਭਰ ਬਣਾਉਣਾ ਸਮੇਂ ਦੀ ਲੋੜ ਹੈ, ਜਿਸ ਕਾਰਨ ਸਖਤ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ‘ਚ ਉਹ ਸੂਬਾਈ ਸਰਕਾਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਲੋੜਾਂ ਸਮਝਣਗੇ ਤੇ ਆਵਾਸ ਨੀਤੀਆਂ ਨੂੰ ਹੋਰ ਕਾਰਜ-ਕੁਸ਼ਲ ਬਣਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਦੇਸ਼ੀਆਂ ਦੀ ਆਮਦ ‘ਤੇ ਇਹ ਪਾਬੰਦੀਆਂ ਪਹਿਲੀ ਮਈ ਤੋਂ ਲਾਗੂ ਹੋਣਗੀਆਂ ਤੇ ਸਤੰਬਰ ਤੱਕ ਗਿਣਤੀ ਘਟਾ ਲਈ ਜਾਏਗੀ। ਇਹ ਫੈਸਲਾ ਤਿੰਨ ਸਾਲ ਤੱਕ ਲਾਗੂ ਰਹੇਗਾ। ਮੰਤਰੀ ਦੇ ਐਲਾਨ ਤੋਂ ਬਾਅਦ ਇਥੇ ਰੁਜ਼ਗਾਰ ਭਾਲਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਰੁਜ਼ਗਾਰ ਪੱਤਰ ਵਿਕਰੇਤਾਵਾਂ ਦੇ ਚਿਹਰੇ ‘ਤੇ ਨਿਰਾਸ਼ਾ ਦੀਆਂ ਲਕੀਰਾਂ ਡੂੰਘੀਆਂ ਹੋਈਆਂ ਹਨ।