ਕਲਾਨੌਰ, 4 ਨਵੰਬਰ (ਪੰਜਾਬ ਮੇਲ)- ਕੈਨੇਡਾ ‘ਚ ਪੰਜਾਬੀ ਨੌਜਵਾਨ ਜੋਰਾਵਰ ਸਿੰਘ ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਸਰਹੱਦੀ ਕਸਬਾ ਕਲਾਨੌਰ ਦੇ ਰਹਿਣ ਵਾਲੇ ਇਸ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ‘ਚ ਭਾਰੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜੋਰਾਵਰ ਸਿੰਘ (23) ਪੁੱਤਰ ਮਨੋਹਰ ਲਾਲ ਨਿਵਾਸੀ ਕਲਾਨੌਰ ਦੇ ਰਿਸ਼ਤੇਦਾਰ ਜਥੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਜੋਰਾਵਰ ਸਿੰਘ ਕੈਨੇਡਾ ਗਿਆ ਸੀ ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਸਾਨੂੰ ਕੈਨੇਡਾ ਤੋਂ ਸੂਚਨਾ ਮਿਲੀ ਸੀ ਕਿ ਜੋਰਾਵਰ ਸਿੰਘ ਦੀ ਝੀਲ ‘ਚ ਡੁੱਬਣ ਨਾਲ ਮੌਤ ਹੋ ਗਈ ਹੈ। ਇਲਾਕੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ, ਮੋਹਤਬਰ ਅਤੇ ਆਮ ਲੋਕਾਂ ਵਲੋਂ ਮ੍ਰਿਤਕ ਜੋਰਾਵਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।