ਓਟਾਵਾ, 1 ਜੁਲਾਈ (ਪੰਜਾਬ ਮੇਲ)- ਕੈਨੇਡਾ ‘ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਇਸ ਸਾਲ ਦੇ ਅੰਤ ਤੱਕ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ (ਪੀ.ਆਰ.) ਦੇਣ ਲਈ ਇੱਕ ਨਵਾਂ ਪ੍ਰੋਗਰਾਮ ਲਿਆ ਰਹੀ ਹੈ। ਕੈਨੇਡਾ ਨੇ ਇਹ ਫੈਸਲਾ ਆਪਣੀ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਿਆ ਹੈ। ਪੀ.ਆਰ. ‘ਤੇ ਨਵਾਂ ਪ੍ਰੋਗਰਾਮ ਮੌਜੂਦਾ ਆਰਥਿਕ ਗਤੀਸ਼ੀਲਤਾ ਮਾਰਗ ਪਾਇਲਟ (ਈ.ਐੱਮ.ਪੀ.ਪੀ.) ਦੀ ਥਾਂ ਲਵੇਗਾ। ਕੈਨੇਡਾ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਆਪਣੀ ਨਾਗਰਿਕਤਾ ਅਤੇ ਸਥਾਈ ਨਿਵੇਸ਼ ਨਿਯਮਾਂ ਵਿਚ ਕਈ ਬਦਲਾਅ ਕੀਤੇ ਹਨ। ਕੈਨੇਡਾ ਵਿਚ ਸਥਾਈ ਨਿਵਾਸ ਅਤੇ ਨਾਗਰਿਕਤਾ ਦੀ ਮੰਗ ਕਰਨ ਵਾਲੇ ਵਿਦੇਸ਼ੀ ਲੋਕ ਵੱਡੀ ਗਿਣਤੀ ਵਿਚ ਹਨ। ਇਸ ਵਿਚ ਭਾਰਤ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਹਨ। ਅਜਿਹੀ ਸਥਿਤੀ ਵਿਚ ਇਸਦਾ ਸਿੱਧਾ ਪ੍ਰਭਾਵ ਭਾਰਤੀਆਂ ‘ਤੇ ਵੀ ਪਵੇਗਾ।
ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਬਾਰੇ ਐਲਾਨ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (ਆਈ.ਆਰ.ਸੀ.ਸੀ.) ਦੀ 2025-2026 ਦੀ ਸਾਲਾਨਾ ਯੋਜਨਾ ਦਾ ਹਿੱਸਾ ਹੈ। ਇੱਕ ਰਿਪੋਰਟ ਅਨੁਸਾਰ ਪੀ.ਆਰ. ‘ਤੇ ਇਸ ਨਵੇਂ ਪ੍ਰੋਗਰਾਮ ਦਾ ਉਦੇਸ਼ ਹੁਨਰਮੰਦ ਸ਼ਰਨਾਰਥੀਆਂ ਅਤੇ ਵਿਸਥਾਪਿਤ ਲੋਕਾਂ ਨੂੰ ਦੇਸ਼ ਵਿਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਦੇਣਾ ਹੈ। ਮਾਰਕ ਕਾਰਨੀ ਸਰਕਾਰ ਨੇ ਕਿਹਾ ਹੈ ਕਿ ਨਵਾਂ ਪ੍ਰੋਗਰਾਮ 31 ਦਸੰਬਰ, 2025 ਨੂੰ ਈ.ਐੱਮ.ਪੀ.ਪੀ. ਦੀ ਮਿਆਦ ਪੁੱਗਣ ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ। ਹਾਲਾਂਕਿ ਪ੍ਰੋਗਰਾਮ ਦੀ ਬਣਤਰ ਜਾਂ ਯੋਗਤਾ ਮਾਪਦੰਡਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਆਈ.ਆਰ.ਸੀ.ਸੀ. ਨੇ ਐਕਸਪ੍ਰੈੱਸ ਐਂਟਰੀ ਦੀ ਸ਼੍ਰੇਣੀ-ਆਧਾਰਿਤ ਚੋਣ ਤਹਿਤ ਸਿਹਤ ਸੰਭਾਲ, ਕਾਰੋਬਾਰ, ਸਿੱਖਿਆ ਅਤੇ ਫ੍ਰੈਂਚ ਬੋਲਣ ਵਾਲੇ ਕਾਮਿਆਂ ਲਈ ਸਥਾਈ ਨਿਵਾਸ ਨੂੰ ਤਰਜੀਹ ਦੇਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਇਸ ਦੇ ਤਹਿਤ ਕੈਨੇਡਾ ਵਿਚ ਪਹਿਲਾਂ ਤੋਂ ਹੀ ਅਸਥਾਈ ਨਿਵਾਸੀਆਂ ਨੂੰ ਪੀ.ਆਰ. ਲਈ ਤਰਜੀਹ ਦਿੱਤੀ ਜਾਵੇਗੀ। ਇਸ ਵਿਚ 40 ਪ੍ਰਤੀਸ਼ਤ ਐਂਟਰੀਆਂ ਅਸਥਾਈ ਨਿਵਾਸੀਆਂ (ਟੀ.ਆਰ.) ਦੀਆਂ ਹੋਣਗੀਆਂ, ਜੋ ਪਹਿਲਾਂ ਹੀ ਕੈਨੇਡਾ ਵਿਚ ਹਨ। ਇਸ ਦੇ ਨਾਲ ਹੀ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (ਪੀ.ਜੀ.ਡਬਲਯੂ.ਪੀ.) ਦੀਆਂ ਸ਼ਰਤਾਂ ਨੂੰ ਅਪਡੇਟ ਕਰਨ ਲਈ ਇੱਕ ਢਾਂਚਾ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੈਨੇਡੀਅਨ ਸਰਕਾਰ ਸਪਾਊਸ ਓਪਨ ਵਰਕ ਪਰਮਿਟ (ਐੱਸ.ਓ.ਡਬਲਯੂ.ਪੀ.) ਲਈ ਯੋਗਤਾ ਲੋੜਾਂ ਨੂੰ ਬਦਲਣ ਦੀ ਵੀ ਯੋਜਨਾ ਬਣਾ ਰਹੀ ਹੈ।
ਈ.ਐੱਮ.ਪੀ.ਪੀ. 2018 ਵਿੱਚ ਸ਼ੁਰੂ ਹੋਇਆ ਸੀ। ਇਸ ਸਾਲ ਇਸ ਪ੍ਰੋਗਰਾਮ ਤਹਿਤ ਮਾਰਚ 2025 ਤੱਕ 970 ਲੋਕਾਂ ਨੂੰ ਕੈਨੇਡਾ ਵਿਚ ਸਥਾਈ ਨਿਵਾਸ ਮਿਲਿਆ ਹੈ। ਭਾਰਤ 2025 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਅਸਥਾਈ ਨਿਵਾਸ ਲਈ ਸਭ ਤੋਂ ਵੱਡਾ ਸਰੋਤ ਦੇਸ਼ ਰਿਹਾ ਹੈ। ਆਈ.ਆਰ.ਸੀ.ਸੀ. ਦੇ ਤਾਜ਼ਾ ਅੰਕੜਿਆਂ ਅਨੁਸਾਰ 2025 ਦੀ ਪਹਿਲੀ ਤਿਮਾਹੀ ਵਿਚ ਓਟਾਵਾ ਨੇ 834,010 ਅਸਥਾਈ ਨਿਵਾਸ ਅਰਜ਼ੀਆਂ ਅਤੇ ਐਕਸਟੈਂਸ਼ਨਾਂ ਨੂੰ ਮਨਜ਼ੂਰੀ ਦਿੱਤੀ, ਜਿਸ ਵਿਚ ਸਟੱਡੀ ਪਰਮਿਟ, ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਸ਼ਾਮਲ ਹਨ। ਇਨ੍ਹਾਂ ਵਿਚੋਂ ਭਾਰਤੀਆਂ ਦੀ ਗਿਣਤੀ 382,055 ਜਾਂ ਕੁੱਲ ਪ੍ਰਵਾਨਗੀਆਂ ਦਾ 45.8 ਪ੍ਰਤੀਸ਼ਤ ਸੀ, ਜੋ ਕਿ ਕੈਨੇਡਾ ਦੇ ਤਕਨੀਕੀ ਅਤੇ ਸਿਹਤ ਸੰਭਾਲ ਖੇਤਰਾਂ ਵਿਚ ਮੌਕੇ ਭਾਲਣ ਵਾਲੇ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਦੁਆਰਾ ਚਲਾਈ ਜਾਂਦੀ ਹੈ।
ਕੈਨੇਡਾ ਬਦਲਣ ਜਾ ਰਿਹੈ ਪੀ.ਆਰ. ਨਿਯਮ
