#CANADA

ਕੈਨੇਡਾ ਪ੍ਰਤੀ ਭਾਰਤੀਆਂ ਦੇ ਰੁਝਾਨ ‘ਚ ਆਈ ਕਮੀ

-2025 ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਦਰ ‘ਚ ਕਰੀਬ 20 ਫੀਸਦੀ ਦੀ ਗਿਰਾਵਟ ਦਰਜ
ਟੋਰਾਂਟੋ, 16 ਮਾਰਚ (ਪੰਜਾਬ ਮੇਲ)- ਸਾਲ 2025 ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਦਰ ਵਿਚ ਕਰੀਬ 20 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਹ 2020 ਦੇ ਕੋਰੋਨਾ ਕਾਲ ਤੋਂ ਬਾਅਦ ਇਮੀਗ੍ਰੇਸ਼ਨ ਦਾ ਸਭ ਤੋਂ ਨੀਵਾਂ ਪੱਧਰ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਸਾਲ 2024 ਵਿਚ ਜਿੱਥੇ 4,83,655 ਲੋਕਾਂ ਨੂੰ ਪੀ.ਆਰ. ਮਿਲੀ ਸੀ, ਉੱਥੇ ਹੀ 2025 ਵਿਚ ਇਹ ਗਿਣਤੀ ਘਟ ਕੇ 3,93,530 ਰਹਿ ਗਈ ਹੈ। ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਭਾਰਤੀਆਂ ਦੀ ਆਮਦ ਵਿਚ ਆਈ ਕਮੀ ਹੈ। ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 1,27,375 ਤੋਂ ਘਟ ਕੇ 98,770 ਰਹਿ ਗਈ ਹੈ।
ਵਿਦਿਆਰਥੀ ਵੀਜ਼ਿਆਂ ‘ਤੇ ਪਈ ਵੱਡੀ ਮਾਰ- ਸਭ ਤੋਂ ਚਿੰਤਾਜਨਕ ਅੰਕੜਾ ਵਿਦਿਆਰਥੀਆਂ ਨਾਲ ਜੁੜਿਆ ਹੈ। ਕੈਨੇਡਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਾਂ ਵਿਚ 25 ਫੀਸਦੀ ਦੀ ਕਮੀ ਆਈ ਹੈ। ਇਸ ਗਿਰਾਵਟ ਵਿਚ 72 ਫੀਸਦੀ ਹਿੱਸੇਦਾਰੀ ਇਕੱਲੇ ਭਾਰਤੀਆਂ ਦੀ ਹੈ। ਭਾਰਤੀ ਵਿਦਿਆਰਥੀਆਂ ਦੀ ਗਿਣਤੀ 1,88,175 ਤੋਂ ਅੱਧੀ ਰਹਿ ਕੇ ਸਿਰਫ਼ 94,605 ਰਹਿ ਗਈ ਹੈ।
ਮਾਹਰਾਂ ਅਨੁਸਾਰ ਕੈਨੇਡਾ ਵਿਚ ਵਧ ਰਹੇ ਇਮੀਗ੍ਰੇਸ਼ਨ ਵਿਰੋਧੀ ਰੁਝਾਨ ਕਾਰਨ ਸਰਕਾਰ ਨੇ ਆਪਣੀਆਂ ਨੀਤੀਆਂ ਵਿਚ ਸਖ਼ਤੀ ਕੀਤੀ ਹੈ। ਸਿਆਸੀ ਮੋਰਚੇ ‘ਤੇ ਵੀ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ; ਜਸਟਿਨ ਟਰੂਡੋ ਨੇ ਮਾਰਚ 2025 ਵਿਚ ਅਸਤੀਫਾ ਦੇ ਦਿੱਤਾ ਸੀ, ਜਿਨ੍ਹਾਂ ਦੀ ਜਗ੍ਹਾ ਹੁਣ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹਨ।
ਸਿਰਫ਼ ਵਿਦਿਆਰਥੀ ਹੀ ਨਹੀਂ, ਸਗੋਂ ਹੋਰ ਸ਼੍ਰੇਣੀਆਂ ਵਿਚ ਵੀ ਗਿਰਾਵਟ ਦੇਖੀ ਗਈ ਹੈ, ਜਿਸ ਤਹਿਤ ਅਸਥਾਈ ਵਿਦੇਸ਼ੀ ਕਾਮਿਆਂ ਵਿਚ 12 ਫੀਸਦੀ ਦੀ ਕਮੀ ਆਈ ਹੈ। ਆਰਥਿਕ ਇਮੀਗ੍ਰੈਂਟਸ ਵਿਚ 19 ਫੀਸਦੀ ਅਤੇ ਫੈਮਿਲੀ ਸਪਾਂਸਰਸ਼ਿਪ ਵਿਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਸਥਿਤੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਹੁਣ ਪਹਿਲਾਂ ਵਾਂਗ ਖੁੱਲ੍ਹੇ ਦਿਲ ਨਾਲ ਪ੍ਰਵਾਸੀਆਂ ਦਾ ਸਵਾਗਤ ਨਹੀਂ ਕਰ ਰਿਹਾ, ਜਿਸ ਕਾਰਨ ਭਾਰਤੀਆਂ ਦਾ ਰੁਝਾਨ ਹੁਣ ਦੂਜੇ ਮੁਲਕਾਂ ਵੱਲ ਵਧ ਸਕਦਾ ਹੈ।