#CANADA

ਕੈਨੇਡਾ ਨੇ ਜੀ7 ਸਿਖਰ ਵਾਰਤਾ ਲਈ ਭਾਰਤ ਨੂੰ ਅਜੇ ਤੱਕ ਸੱਦਾ ਨਹੀਂ ਭੇਜਿਆ

ਨਵੀਂ ਦਿੱਲੀ, 2 ਜੂਨ (ਪੰਜਾਬ ਮੇਲ)- ਕੈਨੇਡਾ ਨੇ 15 ਤੋਂ 17 ਜੂਨ ਨੂੰ ਆਪਣੀ ਧਰਤੀ ‘ਤੇ ਹੋਣ ਵਾਲੇ ਜੀ7 ਸਿਖਰ ਵਾਰਤਾ ਲਈ ਭਾਰਤ ਨੂੰ ਅਜੇ ਤੱਕ ਸੱਦਾ ਨਹੀਂ ਭੇਜਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਚ ਪੱਧਰੀ ਦੌਰੇ ਤੋਂ ਪਹਿਲਾਂ ਅਗਾਊਂ ਕੋਈ ਮੁਲਾਕਾਤਾਂ ਨਹੀਂ ਹੋਈਆਂ ਹਨ, ਜਿਸ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਕੈਨੇਡਾ ਵਿਚ ਹੋਣ ਵਾਲੇ ਜੀ7 ਸੰਮੇਲਨ ਵਿਚ ਸ਼ਾਮਲ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਜੀ7 ਸੰਮੇਲਨ ਵਿਚ ਸ਼ਾਮਲ ਹੋ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਵੇਗਾ, ਜਦੋਂ ਭਾਰਤ ਇਸ ਸਮਾਗਮ ਤੋਂ ਗੈਰਹਾਜ਼ਰ ਰਹੇਗਾ।
ਕੌਮਾਂਤਰੀ ਸਿਖਰ ਸੰਮੇਲਨਾਂ ‘ਚ ਰਵਾਇਤੀ ਤੌਰ ‘ਤੇ ਮੇਜ਼ਬਾਨ ਮੁਲਕ ਨੂੰ ਖਾਸ ਕਰਕੇ ਮਹਿਮਾਨ ਸੱਦਣ, ਏਜੰਡਾ ਨਿਰਧਾਰਿਤ ਕਰਨ ‘ਤੇ ਸਿਖਰ ਵਾਰਤਾ ਲਈ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ। ਇਹ ਅਧਿਕਾਰ ਮੇਜ਼ਬਾਨ ਨੂੰ ਆਪਣੀਆਂ ਤਰਜੀਹਾਂ ਮੁਤਾਬਕ ਪ੍ਰੋਗਰਾਮ ਤਿਆਰ ਕਰਨ ਤੇ ਆਪਣੀ ਵਿਦੇਸ਼ ਨੀਤੀ ਦੇ ਟੀਚਿਆਂ ਨੂੰ ਉਤਸ਼ਾਹਿਤ ਕਰਨ ਦੀ ਇਜਾਜ਼ਤ ਦਿੰਦਾ ਹੈ।
ਜੀ7 ਵਿਸ਼ਵ ਦੀਆਂ ਸਭ ਤੋਂ ਵੱਧ ਉਦਯੋਗਿਕ ਅਰਥਚਾਰਿਆਂ -ਅਮਰੀਕਾ, ਯੂ.ਕੇ., ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਕੈਨੇਡਾ ਦਾ ਇੱਕ ਗੈਰ-ਰਸਮੀ ਸਮੂਹ ਹੈ। ਇਸ ਵਿਚ ਯੂਰਪੀਅਨ ਯੂਨੀਅਨ (ਈ.ਯੂ.), ਕੌਮਾਂਤਰੀ ਮੁਦਰਾ ਫ਼ੰਡ (ਆਈ.ਐੱਮ.ਐੱਫ.), ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਜੀ-7 ਸੰਮੇਲਨ ਕੈਨੇਡਾ ਵਿਚ ਹੋ ਰਿਹਾ ਹੈ। ਕੈਨੇਡਾ ‘ਚ ਜੂਨ 2023 ‘ਚ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਕੈਨੇਡਾ ਰਿਸ਼ਤਿਆਂ ‘ਚ ਕਸ਼ੀਦਗੀ ਵਧੀ ਹੈ। ਇਸ ਮਾਮਲੇ ਨੇ ਉਦੋਂ ਜ਼ੋਰ ਫੜਿਆ, ਜਦੋਂ ਤਤਕਾਲੀਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ‘ਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਦੇ ਹੋਏ ਸਖ਼ਤੀ ਨਾਲ ਖਾਰਜ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪਿਛਲੇ ਮਹੀਨੇ ਮੀਡੀਆ ਬ੍ਰੀਫਿੰਗ ਦੌਰਾਨ ਘੱਟੋ-ਘੱਟ ਦੋ ਮੌਕਿਆਂ ‘ਤੇ ਕਿਹਾ ਸੀ ਕਿ ਜੀ7 ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਦੌਰੇ ਬਾਰੇ ‘ਕੋਈ ਜਾਣਕਾਰੀ’ ਨਹੀਂ ਹੈ।