ਮਿਸੀਸਾਗਾ, 29 ਜੂਨ (ਪੰਜਾਬ ਮੇਲ)- ਕੈਨੇਡਾ ਦੌਰੇ ‘ਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਮਿਸੀਸਾਗਾ ‘ਚ ਹੋਣ ਵਾਲੀ ਆਖ਼ਰੀ ਮੀਟਿੰਗ ਉਸ ਵੇਲੇ ਰੱਦ ਕਰਨੀ ਪਈ, ਜਦੋਂ ਮੀਟਿੰਗ ਵਾਲੇ ਨੂਰ ਕਨਵੈਨਸ਼ਨ ਸੈਂਟਰ ਦੇ ਬਾਹਰ ਤੜਕੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਕੈਨੇਡੀਅਨ ਪੁਲਿਸ ਨੇ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਤੇ ਪਾਰਟੀ ਵਫ਼ਦ ਨੂੰ ਵਾਪਸ ਭੇਜ ਦਿੱਤਾ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਵਾਸੀ ਪੰਜਾਬੀਆਂ ਨਾਲ ਸੰਪਰਕ ਮੁਹਿੰਮ ਤਹਿਤ ਕੈਨੇਡਾ ‘ਚ ਵੱਖ-ਵੱਖ ਮੀਟਿੰਗਾਂ ਕਰ ਰਿਹਾ ਹੈ।
ਸ਼ਨੀਵਾਰ ਨੂੰ ਮਿਸੀਸਾਗਾ ਦੇ ਨੂਰ ਕਨਵੈਨਸ਼ਨ ਸੈਂਟਰ ‘ਚ ਇਸ ਦੌਰੇ ਦੀ ਆਖ਼ਰੀ ਮੀਟਿੰਗ ਰੱਖੀ ਗਈ ਸੀ। ਜਦੋਂ ਵਫ਼ਦ ਸਮਾਗਮ ਵਾਲੀ ਥਾਂ ‘ਤੇ ਪਹੁੰਚਿਆ, ਤਾਂ ਉੱਥੇ ਪੁਲਿਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਸੀ। ਕਨਵੈਨਸ਼ਨ ਸੈਂਟਰ ਦੇ ਸ਼ੀਸ਼ਿਆਂ ‘ਤੇ ਗੋਲੀਆਂ ਦੇ ਨਿਸ਼ਾਨ ਵੀ ਦਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਤੜਕੇ ਕਰੀਬ 2.30 ਵਜੇ ਹੋਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਮੀਟਿੰਗ ਰੱਦ ਕਰ ਦਿੱਤੀ।
ਕੈਨੇਡਾ ਦੇ ਮਿਸੀਸਾਗਾ ‘ਚ ਅਕਾਲੀ ਦਲ ਦੀ ਮੀਟਿੰਗ ਤੋਂ ਪਹਿਲਾਂ ਕਨਵੈਨਸ਼ਨ ਸੈਂਟਰ ਦੇ ਬਾਹਰ ਗੋਲੀਬਾਰੀ
