ਓਨਟਾਰੀਓ, 29 ਜੂਨ (ਪੰਜਾਬ ਮੇਲ)- ਕੈਨੇਡਾ ਅਤੇ ਨਿਊਜ਼ੀਲੈਂਡ ਵਿਚ ਸਿਆਸੀ ਸ਼ਰਨ ਲੈਣ ਦੇ ਚਾਹਵਾਨ ਭਾਰਤੀਆਂ, ਪੰਜਾਬੀਆਂ ਅਤੇ ਗਲਤ ਤਰੀਕੇ ਨਾਲ ਉੱਥੇ ਪੱਕੇ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਬਹੁਤ ਬੁਰੀ ਖ਼ਬਰ ਹੈ। ਦੋਵਾਂ ਦੇਸ਼ਾਂ ਦੇ ਇਮੀਗ੍ਰੇਸ਼ਨ ਵਿਭਾਗਾਂ ਨੇ ਫਰਜ਼ੀ ਅਤੇ ਮਨਘੜਤ ਕਹਾਣੀਆਂ ਦੇ ਆਧਾਰ ‘ਤੇ ਦਿੱਤੀਆਂ ਗਈਆਂ ਸ਼ਰਨ ਦੀਆਂ ਅਰਜ਼ੀਆਂ ਨੂੰ ਵੱਡੇ ਪੱਧਰ ‘ਤੇ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਇਸ ਕਾਰਵਾਈ ਵਿਰੁੱਧ ਕੋਈ ਅਪੀਲ ਵੀ ਨਹੀਂ ਕੀਤੀ ਜਾ ਸਕਦੀ।
ਸਰੋਤਾਂ ਅਨੁਸਾਰ ਅਧਿਕਾਰੀ ਉਨ੍ਹਾਂ ਅਰਜ਼ੀਆਂ ਨੂੰ ਤੁਰੰਤ ਰੱਦ ਕਰ ਰਹੇ ਹਨ, ਜਿਨ੍ਹਾਂ ਵਿਚ ”ਮਨਘੜਤ ਅੱਤਿਆਚਾਰ” ਜਾਂ ”ਧਾਰਮਿਕ ਸ਼ੋਸ਼ਣ” ਦੇ ਅਜਿਹੇ ਸਬੂਤ ਦਿੱਤੇ ਗਏ ਸਨ, ਜਿਨ੍ਹਾਂ ਦਾ ਕੋਈ ਭਰੋਸੇਯੋਗ ਅਧਾਰ ਨਹੀਂ ਹੈ। ਇਹ ਕਾਰਵਾਈ ਉਨ੍ਹਾਂ ਏਜੰਟਾਂ ਅਤੇ ਕੰਸਲਟੈਂਟਾਂ ਦੇ ਫਲਦੇ-ਫੁੱਲਦੇ ਨੈੱਟਵਰਕ ਲਈ ਵੀ ਵੱਡਾ ਝਟਕਾ ਹੈ, ਜੋ ਨੌਜਵਾਨਾਂ ਤੋਂ ਮੋਟੀ ਰਕਮ ਵਸੂਲ ਕੇ ਉਨ੍ਹਾਂ ਨੂੰ ਝੂਠੀਆਂ ਕਹਾਣੀਆਂ ਘੜ ਕੇ ਵਿਦੇਸ਼ ਭੇਜਣ ਵਿਚ ਮਦਦ ਕਰਦੇ ਹਨ।
ਨਿਊਜ਼ੀਲੈਂਡ ‘ਚ ਭਾਰਤੀਆਂ ਵੱਲੋਂ ਦਾਇਰ ਕੀਤੇ ਗਏ ਸ਼ਰਨ ਦੇ ਦਾਅਵਿਆਂ ਦੀ ਸਫਲਤਾ ਦਰ ਰਹੀ ਬਹੁਤ ਘੱਟ:
-2023-24 : 1 ਜੁਲਾਈ ਤੋਂ 30 ਜੂਨ ਦੌਰਾਨ 1,169 ਅਰਜ਼ੀਆਂ ਵਿਚੋਂ ਸਿਰਫ਼ 3 ਨੂੰ ਮਨਜ਼ੂਰੀ ਮਿਲੀ, ਜਦਕਿ 58 ਫੀਸਦੀ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।
-2024-25 : 887 ਅਰਜ਼ੀਆਂ ਵਿਚੋਂ ਸਿਰਫ਼ 3 ਹੀ ਸਹੀ ਪਾਈਆਂ ਗਈਆਂ, ਜਦਕਿ 65 ਫੀਸਦੀ ਅਰਜ਼ੀਆਂ ਰੱਦ ਹੋਈਆਂ।
-2025-26 (1 ਜੁਲਾਈ ਤੋਂ 30 ਅਪ੍ਰੈਲ ਤੱਕ): 550 ਅਰਜ਼ੀਆਂ ਵਿਚੋਂ ਹੁਣ ਤੱਕ ਸਿਰਫ਼ 8 ਹੀ ਸਵੀਕਾਰ ਕੀਤੀਆਂ ਗਈਆਂ ਹਨ।
ਕੈਨੇਡਾ ਵਿਚ ਵੀ ਧੋਖਾਧੜੀ ਵਾਲੀਆਂ ਅਰਜ਼ੀਆਂ ਕੀਤੀਆਂ ਜਾ ਰਹੀਆਂ ਰੱਦ
2023 ਵਿਚ 5,024 ਸ਼ਰਨ ਦੇ ਦਾਅਵਿਆਂ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਵਿਚੋਂ, 2,500 ਸਵੀਕਾਰ ਕੀਤੇ ਗਏ, ਜਦਕਿ 2,051 (41 ਪ੍ਰਤੀਸ਼ਤ) ਰੱਦ ਕੀਤੇ ਗਏ। 2024 ਵਿਚ ਅਧਿਕਾਰੀਆਂ ਨੇ 5,994 ਦਾਅਵਿਆਂ ਦਾ ਫੈਸਲਾ ਕੀਤਾ। ਇਨ੍ਹਾਂ ਵਿਚੋਂ, 2,175 ਸਵੀਕਾਰ ਕੀਤੇ ਗਏ, 1,688 (28 ਪ੍ਰਤੀਸ਼ਤ) ਰੱਦ ਕੀਤੇ ਗਏ। 2025 ਵਿਚ, 9,252 ਦਾਅਵਿਆਂ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਵਿਚੋਂ 2,040 ਸਵੀਕਾਰ ਕੀਤੇ ਗਏ, 2,309 ਰੱਦ ਕੀਤੇ ਗਏ, 3,914 ਛੱਡ ਦਿੱਤੇ ਗਏ ਅਤੇ 989 ਵਾਪਸ ਲੈ ਲਏ ਗਏ। 31 ਮਾਰਚ, 2026 ਤੱਕ 2,866 ਦਾਅਵਿਆਂ ਦਾ ਫੈਸਲਾ ਸੁਣਾਇਆ ਗਿਆ। ਇਨ੍ਹਾਂ ਵਿਚੋਂ, 443 ਸਵੀਕਾਰ ਕੀਤੇ ਗਏ, 688 ਰੱਦ ਕੀਤੇ ਗਏ, 1,406 ਛੱਡ ਦਿੱਤੇ ਗਏ, ਅਤੇ 329 ਵਾਪਸ ਲੈ ਲਏ ਗਏ।
ਕੈਨੇਡਾ ਵਿਚ ਵੀ ਅੰਕੜੇ ਚਿੰਤਾਜਨਕ ਹਨ, ਜਿੱਥੇ ਅਧਿਕਾਰੀ ਮੰਨ ਰਹੇ ਹਨ ਕਿ ਕਈ ਬਿਨੈਕਾਰ ਆਪਣਾ ਪੱਖ ਸਾਬਤ ਕਰਨ ਵਿਚ ਅਸਫਲ ਰਹੇ ਹਨ। ਸਭ ਤੋਂ ਹੈਰਾਨੀਜਨਕ ਅੰਕੜਾ ਦੇਸ਼ ਨਿਕਾਲੇ ਦਾ ਹੈ।
ਸਾਲ 2023 ਵਿਚ 1,132 ਭਾਰਤੀਆਂ ਨੂੰ ਕੈਨੇਡਾ ਵਿਚੋਂ ਕੱਢਿਆ ਗਿਆ ਸੀ। ਸਾਲ 2024 ਵਿਚ ਇਹ ਗਿਣਤੀ ਵਧ ਕੇ 2,004 ਹੋ ਗਈ। ਸਾਲ 2025 ਵਿਚ ਰਿਕਾਰਡ 3,779 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਸਾਲ 2026 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਹੀ 1,712 ਭਾਰਤੀਆਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ।
ਰਿਪੋਰਟ ਮੁਤਾਬਕ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਦੀ ਪੈਂਡਿੰਗ ਲਿਸਟ ਵਿਚ ਭਾਰਤ ਸਭ ਤੋਂ ਉੱਪਰ ਹੈ, ਜਿਸ ਵਿਚ ਲਗਭਗ 6,980 ਮਾਮਲੇ ਚੱਲ ਰਹੇ ਹਨ। ਇਸ ਤੋਂ ਬਾਅਦ ਮੈਕਸੀਕੋ (5,311 ਮਾਮਲੇ) ਦਾ ਨੰਬਰ ਆਉਂਦਾ ਹੈ। ਅਧਿਕਾਰੀਆਂ ਨੇ ਹੁਣ ਅਜਿਹੇ ਕੱਟੜਪੰਥੀ ਨੈੱਟਵਰਕਾਂ ‘ਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜੋ ਨੌਜਵਾਨਾਂ ਨੂੰ ਸ਼ਰਨ ਅਤੇ ਬਾਅਦ ਵਿਚ ਨਾਗਰਿਕਤਾ ਦਿਵਾਉਣ ਦੇ ਬਹਾਨੇ ਇਨ੍ਹਾਂ ਦੇਸ਼ਾਂ ਵਿਚ ਭੇਜਦੇ ਸਨ।
ਕੈਨੇਡਾ ਤੇ ਨਿਊਜ਼ੀਲੈਂਡ ‘ਚ ‘ਸ਼ਰਨ’ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਧੜਾਧੜ ਹੋ ਰਹੀਆਂ ਰੱਦ!

