ਪੁਲਿਸ ਨੂੰ ਆਪਣੀ ਅਧਿਕਾਰਤ ਭਾਸ਼ਾ ‘ਚ 52 ਵਿਸ਼ੇਸ਼ ਧਾਰਮਿਕ ਸ਼ਬਦਾਂ ਦੀ ਵਰਤੋਂ ਕਰਨੀ ਹੋਵੇਗੀ ਲਾਜ਼ਮੀ
ਜਲੰਧਰ, 29 ਜੂਨ (ਪੰਜਾਬ ਮੇਲ)- ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜਿਸ ਤਹਿਤ ਹੁਣ ਪੁਲਿਸ ਨੂੰ ਆਪਣੀ ਅਧਿਕਾਰਤ ਭਾਸ਼ਾ ਵਿਚ 52 ਵਿਸ਼ੇਸ਼ ਧਾਰਮਿਕ ਸ਼ਬਦਾਂ ਦੀ ਵਰਤੋਂ ਕਰਨੀ ਲਾਜ਼ਮੀ ਹੋਵੇਗੀ। ਇਸ ਕਦਮ ਦਾ ਮੁੱਖ ਉਦੇਸ਼ ਜਾਂਚ ਦੌਰਾਨ ਧਾਰਮਿਕ ਮਰਿਆਦਾ ਨੂੰ ਬਣਾਈ ਰੱਖਣਾ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਯਕੀਨੀ ਬਣਾਉਣਾ ਹੈ।
ਨਵੇਂ ਹੁਕਮਾਂ ਮੁਤਾਬਕ, ਹੁਣ ਤੋਂ ਬੇਅਦਬੀ ਨਾਲ ਸਬੰਧਤ ਹਰ ਦਸਤਾਵੇਜ਼, ਜਿਵੇਂ ਕਿ ਕੇਸ ਡਾਇਰੀ, ਜ਼ਬਤੀ ਮੈਮੋ, ਜਾਂਚ ਰਿਪੋਰਟ ਅਤੇ ਅਦਾਲਤੀ ਬਿਆਨਾਂ ਵਿਚ ਆਮ ਕਾਨੂੰਨੀ ਭਾਸ਼ਾ ਦੀ ਬਜਾਏ ਸਤਿਕਾਰਤ ਧਾਰਮਿਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ। ਸੂਚੀ ਵਿਚ ਸ਼ਾਮਲ ਕੀਤੇ ਗਏ 52 ਸ਼ਬਦਾਂ ਵਿਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ‘ਅੰਗ’, ‘ਪਵਿੱਤਰ ਸਰੂਪ’, ‘ਪਾਲਕੀ ਸਾਹਿਬ’, ‘ਚੌਰ ਸਾਹਿਬ’ ਅਤੇ ‘ਸੇਵਾ’ ਵਰਗੇ ਸ਼ਬਦ ਸ਼ਾਮਲ ਹਨ।
ਇਸ ਸਬੰਧੀ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਾਂਚ ਅਧਿਕਾਰੀਆਂ ਨੂੰ ਇਨ੍ਹਾਂ ਸ਼ਬਦਾਂ ਦੀ ਸਹੀ ਵਰਤੋਂ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ। ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐੱਲ.ਕੇ. ਯਾਦਵ ਮੁਤਾਬਕ ਇਹ ਫੈਸਲਾ ਇਸ ਲਈ ਲਿਆ ਗਿਆ ਹੈ, ਤਾਂ ਜੋ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦਿਆਂ ਦੀ ਜਾਂਚ ਦੌਰਾਨ ਕਿਸੇ ਵੀ ਪੱਧਰ ‘ਤੇ ਮਰਿਆਦਾ ਦੀ ਉਲੰਘਣਾ ਨਾ ਹੋਵੇ।
ਬੇਅਦਬੀ ਮਾਮਲਿਆਂ ਦੀ ਜਾਂਚ ਲਈ ਨਵੀਆਂ ਗਾਈਲਾਈਨਜ਼ ਜਾਰੀ

