#AMERICA

ਕੈਨੇਡਾ ਦੇ ਪੱਖ ‘ਚ ਅਮਰੀਕਾ ਦਾ ਬਿਆਨ, ਨਿੱਝਰ ਮਾਮਲੇ ਦੀ ਜਾਂਚ ‘ਚ ਭਾਰਤ ਨਹੀਂ ਕਰ ਰਿਹਾ ਸਹਿਯੋਗ

ਵਾਸ਼ਿੰਗਟਨ, 16 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਦੋਸ਼ ਲਗਾਇਆ ਕਿ ਭਾਰਤ ਪਿਛਲੇ ਸਾਲ ਇਕ ਸਿੱਖ ਵੱਖਵਾਦੀ ਦੇ ਕਤਲ ਦੇ ਮਾਮਲੇ ਵਿਚ ਕੈਨੇਡਾ ਦੀ ਜਾਂਚ ‘ਚ ਸਹਿਯੋਗ ਨਹੀਂ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿਚ ਕਿਹਾ, ”ਕੈਨੇਡਾ ਦੇ ਮਾਮਲੇ ਬਾਰੇ ਗੱਲ ਕਰੀਏ, ਤਾਂ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਦੋਸ਼ ਬੇਹੱਦ ਗੰਭੀਰ ਹਨ ਅਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਅਸੀਂ ਚਾਹੁੰਦੇ ਸੀ ਕਿ ਭਾਰਤ ਸਰਕਾਰ ਕੈਨੇਡਾ ਨੂੰ ਜਾਂਚ ਵਿਚ ਸਹਿਯੋਗ ਕਰੇ। ਜ਼ਾਹਿਰ ਹੈ, ਉਨ੍ਹਾਂ ਨੇ ਉਹ ਰਾਹ ਨਹੀਂ ਚੁਣਿਆ ਹੈ।”
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ਪਿਛਲੇ ਸਾਲ ਜੂਨ ਵਿਚ ਸਰੀ ਵਿਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਅਧਿਕਾਰੀ ਸ਼ਾਮਲ ਸਨ। ਟਰੂਡੋ ਨੇ ਦੋਸ਼ ਲਾਇਆ, ”ਕੈਨੇਡਾ ਕੋਲ ਪੱਕੇ ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਅਜਿਹੀ ਗਤੀਵਿਧੀਆਂ ‘ਚ ਸ਼ਾਮਲ ਰਹੇ ਹਨ ਅਤੇ ਹੁਣ ਵੀ ਸ਼ਾਮਲ ਹਨ, ਜੋ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖ਼ਤਰਾ ਹੈ।
ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਭਾਰਤ ਨੇ ਨਾ ਸਿਰਫ਼ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਲਿਆ, ਸਗੋਂ ਨਵੀਂ ਦਿੱਲੀ ਤੋਂ ਉਸ ਦੇ 6 ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ। ਵਿਦੇਸ਼ ਮੰਤਰਾਲਾ (ਐੱਮ.ਈ.ਏ.) ਨੇ ਕਿਹਾ, ”ਸਤੰਬਰ 2023 ਵਿਚ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਕੁਝ ਦੋਸ਼ ਲਗਾਏ ਜਾਣ ਤੋਂ ਬਾਅਦ, ਕੈਨੇਡਾ ਸਰਕਾਰ ਨੇ ਸਾਡੇ ਵੱਲੋਂ ਕਈ ਬੇਨਤੀਆਂ ਦੇ ਬਾਵਜੂਦ ਭਾਰਤ ਸਰਕਾਰ ਨਾਲ ਇੱਕ ਵੀ ਸਬੂਤ ਸਾਂਝਾ ਨਹੀਂ ਕੀਤਾ ਹੈ।”