#CANADA

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਤਿੰਨ ਹਲਕਿਆਂ ‘ਚ ਜ਼ਿਮਨੀ ਚੋਣ ਦਾ ਐਲਾਨ

ਓਨਟਾਰੀਓ, 11 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਤਿੰਨ ਪਾਰਲੀਮਾਨੀ ਹਲਕਿਆਂ ‘ਚ ਜ਼ਿਮਨੀ ਚੋਣ ਦਾ ਐਲਾਨ ਕੀਤਾ ਕਰ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਮਹਿਲਾ ਜਥੇਬੰਦੀਆਂ ਨੇ ਓਨਟਾਰੀਓ ‘ਚ ਮਿਊਂਸਪਲ ਚੋਣਾਂ ਦਾ ਬਿਗਲ ਵਜਾਉਂਦਿਆਂ ਵੱਧ ਤੋਂ ਵੱਧ ਔਰਤਾਂ ਨੂੰ ਮੈਦਾਨ ‘ਚ ਉਤਾਰਨ ਦਾ ਸੱਦਾ ਦਿਤਾ ਹੈ। ਸਕਾਰਬ੍ਰੋਅ ਸਾਊਥ-ਵੈਸਟ, ਯੂਨੀਵਰਸਿਟੀ-ਰੋਜ਼ਡੇਲ ਅਤੇ ਮਾਂਟਰੀਅਲ ਦੀ ਟੈਰੇਬੌਨ ਪਾਰਲੀਮਾਨੀ ਰਾਈਡਿੰਗ ‘ਤੇ 13 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਲੈਕਸ਼ਨਜ਼ ਕੈਨੇਡਾ ਮੁਤਾਬਕ ਐਡਵਾਂਸ ਪੋਲਿੰਗ 3 ਅਪ੍ਰੈਲ ਤੋਂ 6 ਅਪ੍ਰੈਲ ਤੱਕ ਹੋਵੇਗੀ ਅਤੇ 7 ਅਪ੍ਰੈਲ ਤੋਂ ਪਹਿਲਾਂ ਡਾਕ ਰਾਹੀਂ ਵੋਟ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਇਲੈਕਸ਼ਨਜ਼ ਕੈਨੇਡਾ ਦੇ ਕਿਸੇ ਵੀ ਦਫ਼ਤਰ ‘ਚ 7 ਅਪ੍ਰੈਲ ਤੱਕ ਵੋਟ ਪਾਉਣ ਦੀ ਸਹੂਲਤ ਵੱਖਰੇ ਤੌਰ ‘ਤੇ ਦਿੱਤੀ ਗਈ ਹੈ। ਸਕਾਰਬ੍ਰੋਅ ਸਾਊਥ-ਵੈਸਟ ਸੀਟ ਲੰਮੇ ਸਮੇਂ ਤੋਂ ਐੱਮ.ਪੀ. ਬਿਲ ਬਲੇਅਰ ਦੇ ਅਸਤੀਫ਼ੇ ਮਗਰੋਂ ਖ਼ਾਲੀ ਹੋਈ, ਜਿਨ੍ਹਾਂ ਨੂੰ ਯੂ.ਕੇ. ਵਿਚ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਥਾਪਿਆ ਗਿਆ ਹੈ, ਜਦਕਿ ਯੂਨੀਵਰਸਿਟੀ-ਰੋਜ਼ਡੇਲ ਸੀਟ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਦੇ ਅਸਤੀਫ਼ੇ ਕਰ ਕੇ ਖ਼ਾਲੀ ਹੋਈ, ਜਿਨ੍ਹਾਂ ਵੱਲੋਂ ਯੂਕਰੇਨ ਸਰਕਾਰ ਦੀ ਸਲਾਹਕਾਰ ਵਜੋਂ ਨਾਮਜ਼ਦਗੀ ਹਾਸਲ ਕੀਤੀ। ਇਨ੍ਹਾਂ ਦੋਹਾਂ ਸੀਟਾਂ ਦੇ ਉਲਟ ਟੈਰੇਬੌਨ ਸੀਟ ਦਾ ਚੋਣ ਨਤੀਜਾ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ, ਜਿਥੇ ਪਿਛਲੇ ਸਾਲ ਅਪ੍ਰੈਲ ਵਿਚ ਹੋਈਆਂ ਆਮ ਚੋਣਾਂ ਦੌਰਾਨ ਪਹਿਲਾਂ ਬਲੌਕ ਕਿਊਬੈਕਵਾ ਦੀ ਨੈਟਲੀ ਸਿੰਕਲੇਅਰ ਨੂੰ ਜੇਤੂ ਐਲਾਨਿਆ ਗਿਆ ਅਤੇ ਬਾਅਦ ਵਿਚ ਨਿਆਂਇਕ ਸਮੀਖਿਆ ਦੇ ਆਧਾਰ ‘ਤੇ ਲਿਬਰਲ ਉਮੀਦਵਾਰ ਤਾਤਿਆਨਾ ਔਗਸਤ ਜੇਤੂ ਕਰਾਰ ਦੇ ਦਿੱਤੀ ਗਈ। ਨੈਟਨੀ ਸਿੰਕਲੇਅਰ ਵੱਲੋਂ ਚੋਣ ਨਤੀਜੇ ਨੂੰ ਚੁਣੌਤੀ ਦਿੱਤੀ ਗਈ ਅਤੇ ਬੀਤੀ 13 ਫ਼ਰਵਰੀ ਨੂੰ ਸੁਣਾਏ ਫ਼ੈਸਲੇ ਵਿਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਚੋਣ ਨਤੀਜਾ ਹੀ ਰੱਦ ਕਰ ਦਿਤਾ। ਦੱਸ ਦੇਈਏ ਕਿ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਕੋਲ ਇਸ ਵੇਲੇ 169 ਸੀਟਾਂ ਹਨ ਅਤੇ ਤਿੰਨੋਂ ਸੀਟਾਂ ‘ਤੇ ਜਿੱਤ ਹਾਸਲ ਹੋਣ ਦੀ ਸੂਰਤ ਵਿਚ ਘੱਟ ਗਿਣਤੀ ਸਰਕਾਰ ਬਹੁਮਤ ਵਿਚ ਆ ਜਾਵੇਗੀ। ਯੂਨੀਵਰਸਿਟੀ-ਰੋਜ਼ਡੇਲ ਸੀਟ ਤੋਂ ਲਿਬਰਲ ਪਾਰਟੀ ਵੱਲੋਂ ਫ਼ੈਮਿਲੀ ਫ਼ਿਜ਼ੀਸ਼ੀਅਨ ਅਤੇ ਹੈਲਥ ਕੇਅਰ ਐਡਵੋਕੇਟ ਡਾ. ਡੈਨੀਅਲ ਮਾਰਟਿਨ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਓਨਟਾਰੀਓ ਵਿਚ ਐੱਨ.ਡੀ.ਪੀ. ਦੀ ਸਾਬਕਾ ਉਪ ਆਗੂ ਡੌਲੀ ਬੇਗਮ ਸਕਾਰਬ੍ਰੋਅ ਸਾਊਥ-ਵੈਸਟ ਹਲਕੇ ਤੋਂ ਮੈਦਾਨ ਵਿਚ ਹਨ। ਸਿਆਸੀ ਮਾਹਰਾਂ ਮੁਤਾਬਕ ਜ਼ਿਮਨੀ ਚੋਣਾਂ ਦੇ ਨਤੀਜੇ ਮਾਰਕ ਕਾਰਨੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਨੂੰ ਦਰਸਾਉਣਗੇ। ਟੋਰਾਂਟੋ ਅਤੇ ਜੀ.ਟੀ.ਏ. ਵਿਚ ਭਾਵੇਂ ਲਿਬਰਲ ਪਾਰਟੀ ਨੂੰ ਮਜ਼ਬੂਤ ਮੰਨਿਆ ਜਾ ਸਕਦਾ ਹੈ, ਮਾਂਟਰੀਅਲ ਦੀ ਟੈਰੇਬੌਨ ਸੀਟ ਹੈਰਾਨਕੁੰਨ ਨਤੀਜਾ ਪੇਸ਼ ਕਰ ਸਕਦੀ ਹੈ।