#OTHERS

ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ 4 ਰੋਜ਼ਾ ਦੌਰੇ ‘ਤੇ ਚੀਨ ਪੁੱਜੇ

ਚੀਨ ਵੱਲੋਂ ਕੈਨੇਡਾ ਨੂੰ ਅਮਰੀਕੀ ਪ੍ਰਭਾਵ ਹੇਠੋਂ ਨਿਕਲਣ ਦਾ ਮਸ਼ਵਰਾ
ਪੇਈਚਿੰਗ, 15 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 4 ਰੋਜ਼ਾ ਦੌਰੇ ‘ਤੇ ਬੁੱਧਵਾਰ ਚੀਨ ਪਹੁੰਚ ਗਏ ਹਨ। ਚੀਨ ਇਸ ਦੌਰੇ ਨੂੰ ਅਮਰੀਕਾ ਦੇ ਪੁਰਾਣੇ ਸਹਿਯੋਗੀ ਕੈਨੇਡਾ ਨੂੰ ਆਪਣੇ ਵਿਰੋਧੀ ਤੋਂ ਥੋੜ੍ਹਾ ਦੂਰ ਕਰਨ ਦੇ ਇਕ ਮੌਕੇ ਵਜੋਂ ਦੇਖ ਰਿਹਾ ਹੈ।
ਚੀਨ ਦੇ ਸਰਕਾਰੀ ਮੀਡੀਆ ਨੇ ਕੈਨੇਡਾ ਸਰਕਾਰ ਨੂੰ ਅਮਰੀਕਾ ਤੋਂ ਸੁਤੰਤਰ ਵਿਦੇਸ਼ ਨੀਤੀ ਅਪਣਾਉਣ ਦੀ ਅਪੀਲ ਕੀਤੀ ਹੈ, ਜਿਸ ਨੂੰ ਉਹ ‘ਰਣਨੀਤਿਕ ਖ਼ੁਦਮੁਖ਼ਤਾਰੀ’ ਕਹਿ ਰਿਹਾ ਹੈ। ਕੈਨੇਡਾ ਲੰਮੇ ਸਮੇਂ ਤੋਂ ਭੂਗੋਲਿਕ ਅਤੇ ਹੋਰ ਕਈ ਪੱਖਾਂ ਤੋਂ ਅਮਰੀਕਾ ਦੇ ਸਭ ਤੋਂ ਨੇੜਲੇ ਸਹਿਯੋਗੀਆਂ ਵਿਚੋਂ ਇਕ ਰਿਹਾ ਹੈ ਪਰ ਪੇਈਚਿੰਗ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਰਥਿਕ ਹਮਲੇ ਅਤੇ ਹੁਣ ਦੂਜੇ ਦੇਸ਼ਾਂ ਵਿਰੁੱਧ ਫੌਜੀ ਕਾਰਵਾਈ, ਇਸ ਪੁਰਾਣੇ ਰਿਸ਼ਤੇ ਨੂੰ ਕਮਜ਼ੋਰ ਕਰ ਦੇਵੇਗੀ। ਚੀਨ ਦੀ ਸਰਕਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਉਨ੍ਹਾਂ ਕੋਸ਼ਿਸ਼ਾਂ ਤੋਂ ਵੀ ਨਾਰਾਜ਼ ਸੀ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਚੀਨ ਦਾ ਟਾਕਰਾ ਕਰਨ ਲਈ ਯੂਰਪ, ਆਸਟਰੇਲੀਆ, ਭਾਰਤ ਅਤੇ ਕੈਨੇਡਾ ਵਰਗੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਕੀਤੇ ਸਨ। ਹੁਣ ਚੀਨ ਨੂੰ ਇਨ੍ਹਾਂ ਸਬੰਧਾਂ ਨੂੰ ਕਮਜ਼ੋਰ ਕਰਨ ਦਾ ਇਕ ਮੌਕਾ ਨਜ਼ਰ ਆ ਰਿਹਾ ਹੈ।
ਦੂਜੇ ਪਾਸੇ, ਮਾਰਕ ਕਾਰਨੀ ਨੇ ਵਪਾਰ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਚੀਨ ਦੇ ਆਪਣੇ ਇਸ ਦੌਰੇ ਨੂੰ ਦੁਨੀਆਂ ਭਰ ਵਿਚ ਨਵੀਂ ਭਾਈਵਾਲੀ ਕਾਇਮ ਕਰਨ ਦੀ ਮੁਹਿੰਮ ਦਾ ਹਿੱਸਾ ਦੱਸਿਆ ਹੈ, ਤਾਂ ਜੋ ਅਮਰੀਕੀ ਬਾਜ਼ਾਰ ‘ਤੇ ਕੈਨੇਡਾ ਦੀ ਆਰਥਿਕ ਨਿਰਭਰਤਾ ਨੂੰ ਖ਼ਤਮ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਨੇ ਅਮਰੀਕਾ ਨੂੰ ਹੋਣ ਵਾਲੀ ਕੈਨੇਡਿਆਈ ਬਰਾਮਦ ‘ਤੇ ਟੈਕਸ ਲਗਾ ਦਿੱਤੇ ਹਨ ਅਤੇ ਇਹ ਸੁਝਾਅ ਵੀ ਦਿੱਤਾ ਸੀ ਕਿ ਵਿਸ਼ਾਲ ਕੁਦਰਤੀ ਸਰੋਤਾਂ ਵਾਲਾ ਇਹ ਦੇਸ਼ ਅਮਰੀਕਾ ਦਾ 51ਵਾਂ ਰਾਜ ਬਣ ਸਕਦਾ ਹੈ।