#CANADA

ਕੈਨੇਡਾ ਦੀਆਂ 3 ਪੰਜਾਬਣ ਖਿਡਾਰਨਾਂ ਚੈੱਕ ਰਿਪਬਲਿਕ ‘ਚ ਖੇਡਣਗੀਆਂ ਹਾਕੀ

ਐਬਟਸਫੋਰਡ, 9 ਜਨਵਰੀ (ਪੰਜਾਬ ਮੇਲ)- ਕੈਨੇਡਾ ਦੀ ਪ੍ਰਮੁੱਖ ਖੇਡ ਸੰਸਥਾ ‘ਫੀਲਡ ਹਾਕੀ ਕੈਨੇਡਾ’ ਵੱਲੋਂ 13 ਤੋਂ 21 ਅਪ੍ਰੈਲ 2025 ‘ਚ ਯੂਰਪੀਅਨ ਦੇਸ਼ ਚੈੱਕ ਰਿਪਬਲਿਕ ਦੀ ਰਾਜਧਾਨੀ ਪਰਾਗ ਨੇੜਲੇ ਸ਼ਹਿਰ ਹਰਾਡਕ ਕਰਾਅਲੋਵ ਵਿਖੇ ਹੋ ਰਹੇ ਅੰਡਰ-16 ਲੜਕੀਆਂ ਦੇ ਅੰਤਰਰਾਸ਼ਟਰੀ ਫੀਲਡ ਹਾਕੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀ ਜੂਨੀਅਰ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੀ 19 ਮੈਂਬਰੀ ਲੜਕੀਆਂ ਦੀ ਜੂਨੀਅਰ ਹਾਕੀ ਟੀਮ ਵਿਚ ਤਿੰਨ ਪੰਜਾਬਣ ਖਿਡਾਰਨਾਂ ਅਵਨਾਜ਼ ਕੌਰ ਭੁੱਲਰ, ਜੈਸਮੀਨ ਰਾਏ ਤੇ ਨਿਸ਼ਾ ਬਚਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਾਈਗਰਜ਼ ਕਲੱਬ ਦੀ ਖਿਡਾਰਨ ਤੇ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਵਨਾਜ਼ ਕੌਰ ਭੁੱਲਰ ਫਾਰਵਰਡ ਤੇ ਮਿਡਫੀਲਡ ਦੀ ਪੁਜ਼ੀਸ਼ਨ ‘ਤੇ ਹਾਕੀ ਖੇਡਦੀ ਹੈ, ਜਦਕਿ ਓ.ਕੇ.ਡੀ. ਕਲੱਬ ਦੀ ਖਿਡਾਰਨ ਜੈਸਮੀਨ ਰਾਏ ਡਿਫੈਂਸ ਪੁਜ਼ੀਸ਼ਨ ‘ਤੇ ਖੇਡਦੀ ਹੈ। ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੀ ਵਿਦਿਆਰਥਣ ਤੇ ਇੰਡੀਆ ਕਲੱਬ ਦੀ ਖਿਡਾਰਨ ਨਿਸ਼ਾ ਬਚਰਾ ‘ਫਾਰਵਰਡ’ ਪੁਜ਼ੀਸ਼ਨ ‘ਤੇ ਹਾਕੀ ਖੇਡਦੀ ਹੈ। ਇਸ ਤੋਂ ਪਹਿਲਾਂ ਅਵਨਾਜ਼ ਤੇ ਨਿਸ਼ਾ ਬ੍ਰਿਟਿਸ਼ ਕੋਲੰਬੀਆ ਦੀ ਅੰਡਰ-16 ਲੜਕੀਆਂ ਦੀ ਸੂਬਾਈ ਜੂਨੀਅਰ ਫੀਲਡ ਹਾਕੀ ਟੀਮ ਵਿਚ ਖੇਡ ਚੁੱਕੀਆਂ ਹਨ।