#CANADA

ਕੈਨੇਡਾ ਦੀ ਟਰਾਂਸਪੋਰਟ ਮੰਤਰੀ ਵਜੋਂ ਅਨੀਤਾ ਆਨੰਦ ਨੇ ਚੁੱਕੀ ਸਹੁੰ

ਓਟਵਾ, 26 ਸਤੰਬਰ (ਪੰਜਾਬ ਮੇਲ)-ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਮਗਰੋਂ ਅਨੀਤਾ ਆਨੰਦ ਨੂੰ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਕਿਊਬੈਕ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਲਈ ਪਾਬਲੋ ਰੌਡਰੀਗੈਜ਼ ਨੇ ਅਸਤੀਫ਼ਾ ਦਿਤਾ ਅਤੇ ਜਨਵਰੀ ਵਿਚ ਲੀਡਰਸ਼ਿਪ ਮੁਹਿੰਮ ਸ਼ੁਰੂ ਹੋਣ ਤੱਕ ਆਜ਼ਾਦ ਐੱਮ. ਪੀ. ਵਜੋਂ ਸੰਸਦ ਵਿਚ ਬੈਠਣਗੇ। ਇਹ ਸਾਰਾ ਘਟਨਾਕ੍ਰਮ ਮਾਂਟਰੀਅਲ ਸੀਟ ‘ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰਿਆ ਹੈ। ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸਤੇ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਜਦੋਂ ਇਸ ਮੁੱਦੇ ‘ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਬਲੇ ਦੇ ਅਸਤੀਫ਼ੇ ਦਾ ਲਾਸਾਲ-ਇਮਾਰਡ-ਵਰਡਨ ਸੀਟ ਦੇ ਨਤੀਜੇ ਨਾਲ ਕੋਈ ਵਾਹ-ਵਾਸਤਾ ਨਹੀਂ।
ਰੌਡਰੀਗੈਜ਼ ਦੀ ਵਿਦਾਇਗੀ ਦੇ ਮੱਦੇਨਜ਼ਰ ਜਨਤਕ ਸੇਵਾਵਾਂ ਬਾਰੇ ਮੰਤਰੀ ਜੀਨ ਈਵ ਡਕਲੌਸ ਨੂੰ ਕਿਊਬੈਕ ਮਾਮਲਿਆਂ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਹੁੰਦਾ ਪਰ ਪ੍ਰਧਾਨ ਮੰਤਰੀ ਦਫ਼ਤਰ ਵਿਚ ਇਸ ਵੀ ਵੱਡੀ ਅਹਿਮੀਅਤ ਹੈ। ਇਥੇ ਦੱਸਣਾ ਬਣਦਾ ਹੈ ਕਿ ਕਿਸੇ ਨਵੇਂ ਐੱਮ. ਪੀ. ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਬਜਾਏ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ ਅਤੇ ਕੰਜ਼ਰਵੇਟਿਵ ਪਾਰਟੀ ਟਰੂਡੋ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹੈ। ਟੋਰੀ ਐੱਮ. ਪੀ. ਫਿਲਿਪ ਲੌਰੈਂਸ ਨੇ ਕਿਹਾ ਕਿ ਲਿਬਰਲ ਸਰਕਾਰ ਪਾਰਟ ਟਾਈਮ ਟਰਾਂਸਪੋਰਟ ਮੰਤਰੀ ਲੱਭ ਲਿਆ ਹੈ। ਸਾਡਾ ਸਵਾਲ ਇਹ ਹੈ ਕਿ ਲਿਬਰਲ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਗੰਭੀਰਤਾ ਨਾਲ ਲੈਣਾ ਕਦੋਂ ਸ਼ੁਰੂ ਕਰੇਗੀ? ਦੂਜੇ ਪਾਸੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ, ਜਿਨ੍ਹਾਂ ਕੋਲ ਖ਼ਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਵੀ ਹੈ।