#CANADA

ਕੈਨੇਡਾ ਦੀ 2-ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਪੰਜਾਬੀ ਭਾਸ਼ਾ ਦੇ ਪਸਾਰ ਤੇ ਪੰਜਾਬੀਆਂ ਦੇ ਪ੍ਰਵਾਸ ਬਾਰੇ ਹੋਕਾ ਦਿੰਦਿਆਂ ਹੋਈ ਸਮਾਪਤ

– ਵਿਸ਼ਵ ਭਰ ਦੇ ਪੰਜਾਬੀ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਵੱਡੀ ਗਿਣਤੀ ਪੰਜਾਬੀ ਪ੍ਰੇਮੀਆਂ ਨੇ ਭਰਵੀਂ ਹਾਜ਼ਰੀ ਭਰੀ
– ਡਾ: ਸਾਹਿਬ ਸਿੰਘ ਨੂੰ ‘ਅਰਜਨ ਸਿੰਘ ਬਾਠ’ ਯਾਦਗਾਰੀ ਐਵਾਰਡ ਪ੍ਰਦਾਨ
ਸਰੀ (ਕੈਨੇਡਾ), 11 ਅਕਤੂਬਰ (ਗੁਰਪ੍ਰੀਤ ਸਿੰਘ ਤਲਵੰਡੀ/ਜੋਗਿੰਦਰ ਸਿੰਘ/ਪੰਜਾਬ ਮੇਲ)- ਕੈਨੇਡਾ ਦੇ ਪੰਜਾਬੀਆਂ ਦੇ ਸੰਘਣੀ ਵਸੋਂ ਵਾਲ਼ੇ ਸ਼ਹਿਰ ਸਰੀ ਵਿਚ ਪੰਜਾਬ ਭਵਨ ਦੀ ਸਾਲਾਨਾ ਵਰ੍ਹੇਗੰਢ ਮੌਕੇ ਕਰਵਾਈ ਗਈ ਦੋ-ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਮੌਰ ਰੁਤਬੇ ਨੂੰ ਬਰਕਰਾਰ ਰੱਖਣ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਇਸ ਪਾਸੇ ਸਾਰਥਿਕ ਯੋਜਨਾਵਾਂ ਉਲੀਕਣ, ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਨਾਲ ਜੁੜੇ ਰਹਿਣ ਸਮੇਤ ਪੂਰਬੀ ਤੇ ਪੱਛਮੀਂ ਪੰਜਾਬ ਦੀ ਆਪਸੀ ਸਾਂਝ ਦਾ ਹੋਕਾ ਦਿੰਦੀ ਹੋਈ ਸਮਾਪਤ ਹੋਈ। ਪੰਜਾਬ ਭਵਨ ਸਰੀ ਵਲੋਂ ਮੁੱਖ ਪ੍ਰਬੰਧਕ ਸੁੱਖੀ ਬਾਠ ਤੇ ਸੱਦੇ ‘ਤੇ ਕਰਵਾਈ ਗਈ ਇਸ ਕੌਮਾਂਤਰੀ ਕਾਨਫਰੰਸ ਦੌਰਾਨ ਵਿਸ਼ਵ ਦੇ ਵੱਖ-ਵੱਖ ਮੁਲਕਾਂ ਤੋਂ ਪੰਜਾਬੀ ਵਿਦਵਾਨ ਤੇ ਸਾਹਿਤਕਾਰ ਵੱਡੀ ਗਿਣਤੀ ਪਹੁੰਚੇ। ਕਾਨਫਰੰਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉੱਪ ਕੁਲਪਤੀ ਡਾ. ਐੱਸ.ਪੀ. ਸਿੰਘ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ ਉੱਲਾ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਾਬਕਾ ਉੱਪ ਕੁਲਪਤੀ ਡਾ: ਬੀ.ਐੱਸ. ਘੁੰਮਣ, ਡਾ: ਗੁਰਪਿੰਦਰ ਸਿੰਘ ਸਮਰਾ, ਡਾ: ਸਾਧੂ ਸਿੰਘ, ਡਾ. ਗੋਪਾਲ ਸਿੰਘ, ਡਾ. ਬਬਨੀਤ ਕੌਰ, ਵਿਨੀਪੈੱਗ ਕੈਨੇਡਾ ਤੋਂ ਨਵਨੀਤ ਕੌਰ, ਅੰਤਰਰਾਸ਼ਟਰੀ ਪੰਜਾਬੀ ਗਾਇਕ ਸਰਬਜੀਤ ਚੀਮਾਂ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਦੌਰਾਨ ਪੰਜਾਬ ਤੋਂ ਪੁੱਜੇ ਪ੍ਰਸਿੱਧ ਚਿੰਤਕ ਪਾਲੀ ਭੁਪਿੰਦਰ ਨੇ ਵੱਖ-ਵੱਖ ਵਿਸ਼ਿਆਂ ‘ਤੇ ਪਰਚੇ ਪੜ੍ਹਦਿਆਂ ਪੰਜਾਬੀਆਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ਼ ਜੋੜਨ ਦਾ ਸੱਦਾ ਦਿੱਤਾ। ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀਂ ਨੇ ਮਾਂ-ਬੋਲੀ ਪੰਜਾਬੀ ਨੂੰ ਨਵੀਂਆਂ ਪੀੜ੍ਹੀਆਂ ਤੱਕ ਪਹੁੰਚਾਊਣ ਲਈ ਅਜਿਹੇ ਸਮਾਗਮ ਦੀ ਲੋੜ ਦੱਸਿਆ। ਕਵਿਤਾਵਾਂ ਦੇ ਦੌਰ ਵਿਚ ਪਾਕਿਸਤਾਨ ਤੋਂ ਡਾ: ਤਾਹਿਰਾ, ਗੁਰਤੇਜ ਕੋਹਾਰਵਾਲ਼ਾ, ਡਾ: ਕਰਨੈਲ ਸਿੰਘ, ਸੁਖਵਿੰਦਰ ਅੰਮ੍ਰਿਤ, ਡਾ: ਗੁਰਮਿੰਦਰ ਸਿੱਧੂ, ਸੁਰਜੀਤ ਕੌਰ ਟੋਰਾਂਟੋ, ਰਵਿੰਦਰ ਵਹਾਅ, ਇੰਦਰਜੀਤ ਧਾਮੀ ਸਮੇਤ ਹੋਰ ਨਾਮੀ ਸ਼ਖਸੀਅਤਾਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੈਨੇਡਾ ਪੜ੍ਹਾਈ ਲਈ ਪੁੱਜੇ ਵਿਦਿਆਰਥੀਆਂ ਦੇ ਹੱਕਾਂ ਤੇ ਹਿੱਤਾਂ ਲਈ ਸਰਕਾਰ ਪਾਸੋਂ ਕਦਮਾਂ ਦੇ ਨਾਲ਼-ਨਾਲ ਪੰਜਾਬੀ ਭਾਈਚਾਰੇ ਪਾਸੋਂ ਵੀ ਸਹਿਯੋਗ ਮੰਗਿਆ। ਵੱਖ-ਵੱਖ ਬੁਲਾਰਿਆਂ ਨੇ ਪੰਜਾਬੀ ਬੋਲੀ, ਚੇਤਨਤਾ ਅਤੇ ਪ੍ਰਵਾਸ ਬਾਰੇ ਬੌਧਿਕਤਾ ਭਰਪੂਰ ਪਰਚੇ ਪੜ੍ਹੇ। ਪ੍ਰਸਿੱਧ ਨਾਟਕਕਾਰ ਡਾ: ਸਾਹਿਬ ਸਿੰਘ ਨੇ ਦੋਵੇਂ ਦਿਨ ਆਪਣਾਂ ਨਾਟਕਾਂ ਦੀ ਸਫਲ ਪੇਸ਼ਕਾਰੀ ਕਰਦਿਆਂ ਸਰੋਤਿਆਂ ਨੂੰ ਭਾਵੁਕ ਕੀਤਾ। ਪੰਜਾਬ ਭਵਨ ਦੀ ਸਮੁੱਚੀ ਟੀਮ ਵਲੋਂ ਡਾ: ਸਾਹਿਬ ਸਿੰਘ ਨੂੰ ‘ਅਰਜਨ ਸਿੰਘ ਬਾਠ’ ਯਾਦਗਾਰੀ ਐਵਾਰਡ ਵੀ ਪ੍ਰਦਾਨ ਕੀਤਾ ਗਿਆ। ਕਾਨਫਰੰਸ ਦੇ ਦੋਵੇਂ ਹੀ ਦਿਨ ਅੰਤਰਰਾਸ਼ਟਰੀ ਪੰਜਾਬੀ ਗਾਇਕ ਸਰਬਜੀਤ ਚੀਮਾਂ ਵਲੋਂ ਚਲਾਈ ਜਾ ਰਹੀ ਸੰਸਥਾ ‘ਰੰਗਲਾ ਪੰਜਾਬ ਆਰਟਸ’ ਦੇ ਨੌਜਵਾਨਾਂ ਵਲੋਂ ਭੰਗੜੇ ਦੇ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਚੰਗਾ ਰੰਗ ਬੰਨ੍ਹਿਆ ਗਿਆ। ਮੰਚ ਸੰਚਾਲਕ ਦੀ ਭੂਮਿਕਾ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਵਲੋਂ ਬਾਖੂਬੀ ਨਿਭਾਈ ਗਈ।

 

Leave a comment