-2020 ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਗਿਣਤੀ ਵਧਣਾ ਜਾਰੀ
ਟੋਰਾਂਟੋ, 15 ਜਨਵਰੀ (ਪੰਜਾਬ ਮੇਲ)-ਕੈਨੇਡਾ ਵਿਚ ਅਣ-ਅਧਿਕਾਰਤ ਤੌਰ ‘ਤੇ ਰਹਿ ਰਹੇ ਵਿਦੇਸ਼ੀਆਂ ਨੂੰ ਕੱਢੇ ਜਾਣਾ ਸਾਰਾ ਸਾਲ ਜਾਰੀ ਰਹਿੰਦਾ ਹੈ ਅਤੇ ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਬੀਤੇ ਸਾਲ ਦੇ 365 ਦਿਨਾਂ ਦੌਰਾਨ ਦੇਸ਼ ਵਿਚੋਂ 18785 ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ਾਂ ਵਿਚ ਮੁੜਨਾ ਪਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਅਧਿਕਾਰੀਆਂ ਵੱਲੋਂ ਡਿਪਾਰਚਰ/ ਡਿਪੋਰਟੇਸ਼ਨ ਆਰਡਰ ਦੇ ਅਧਾਰ ‘ਤੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਆਪ ਵਾਪਸ ਮੁੜ ਜਾਣ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਨਿਰਧਾਰਿਤ ਸਮੇਂ (30 ਦਿਨਾਂ) ਵਿਚ ਨਾ ਜਾਣ ਵਾਲੇ ਵਿਦੇਸ਼ੀਆਂ ਨੂੰ ਜਾਰੀ ਕੀਤਾ ਗਿਆ ਡਿਪਾਰਚਰ ਆਰਡਰ ਆਖਰ ਡਿਪੋਰਟੇਸ਼ਨ ਆਰਡਰ ਬਣ ਜਾਂਦਾ ਹੈ। ਅਜਿਹੇ ਵਿਅਕਤੀਆਂ ਦਾ ਵਾਰੰਟ ਕੱਢ ਕੇ ਗ੍ਰਿਫਤਾਰ ਕਰਨ ਮਗਰੋਂ ਹਿਰਾਸਤ ਵਿਚ ਰੱਖ ਕੇ ਅਧਿਕਾਰੀਆਂ ਵੱਲੋਂ ਜਹਾਜ਼ ਵਿਚ ਚੜ੍ਹਾਇਆ ਜਾਂਦਾ ਹੈ। ਜਟਿਲ ਕੇਸਾਂ ਵਿਚ ਸੀ.ਬੀ.ਐੱਸ.ਏ. ਦੇ ਅਧਿਕਾਰੀ ਵਿਦੇਸ਼ੀ ਨਾਗਰਿਕਾਂ ਨੂੰ ਆਪ ਵੀ ਉਨ੍ਹਾਂ ਦੇ ਦੇਸ਼ਾਂ ਵਿਚ ਛੱਡ ਕੇ (ਉਸ ਦੇਸ਼ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌਂਪ ਕੇ) ਆਉਂਦੇ ਹਨ। ਇਹ ਵੀ ਕਿ ਡਿਪੋਰਟ ਕੀਤੇ ਗਏ ਵਿਦੇਸ਼ੀ ਨਾਗਰਿਕ ਵਾਪਸ ਕੈਨੇਡਾ ‘ਚ ਦਾਖਲ ਨਹੀਂ ਹੋ ਸਕਦੇ ਹੁੰਦੇ, ਜਿਸ ਦਾ ਭਾਵ ਹੈ ਕਿ ਵਾਪਸੀ ਉੱਪਰ ਪੱਕਾ ਬੈਨ ਲੱਗ ਜਾਂਦਾ ਹੈ। ਜੇਕਰ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਝੂਠ ਬੋਲ ਕੇ ਐਂਟਰੀ ਜਾਂ ਨਕਲੀ ਦਸਤਾਵੇਜ਼ਾਂ ਦੀ ਮਦਦ ਨਾਲ਼ ਵੀਜ਼ਾ ਲਿਆ ਗਿਆ ਹੋਵੇ, ਤਾਂ ਕੈਨੇਡਾ ਵਿਚ ਦੁਬਾਰਾ ਦਾਖਲ ਹੋਣ ਲਈ 5 ਸਾਲ ਦਾ ਬੈਨ ਲੱਗ ਸਕਦਾ ਹੈ। ਬੀਤੇ ਸਾਲ ਕੱਢੇ ਗਏ 18785 ਵਿਦੇਸ਼ੀ ਨਾਗਰਿਕਾਂ ਵਿਚ ਸਭ ਤੋਂ ਵੱਧ ਗਿਣਤੀ ਮੈਕਸੀਕੋ ਦੇ ਨਾਗਰਿਕਾਂ ਦੀ (3972) ਜਿਸ ਤੋਂ ਬਾਅਦ ਭਾਰਤੀ (2831), ਕੋਲੰਬੀਆ (2012), ਚੀਨ (737), ਵੈਨੇਜ਼ੁਏਲਾ (656), ਹੈਤੀ (562), ਤੁਰਕੀ (385), ਅਫਗਾਨਿਸਤਾਨ (366), ਹੰਗਰੀ (359) ਅਤੇ ਹੋਰ ਨਾਗਰਿਕਤਾਵਾਂ ਵਾਲੇ ਕੁੱਲ 6233 ਵਿਅਕਤੀ ਸ਼ਾਮਿਲ ਸਨ। ਕੈਨੇਡਾ ਵਿਚੋਂ ਕੱਢੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ 2019 ਤੋਂ 2025 ਤੱਕ ਹਰੇਕ ਸਾਲ 625 ਤੋਂ 2831 ਦਰਮਿਆਨ ਰਹੀ ਹੈ। ਬੀਤੇ 6 ਸਾਲਾਂ ਦੇ ਮੁਕਾਬਲੇ ਪਿਛਲੇ ਸਾਲ 2025 ਦੌਰਾਨ ਸਭ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਕੱਢਿਆ ਗਿਆ ਸੀ। ਪਾਕਿਸਤਾਨ ਦੇ ਨਾਗਰਿਕਾਂ ਨੂੰ ਕੱਢੇ ਜਾਣ ਦੀ ਗਿਣਤੀ 2020 ਤੋਂ ਲਗਾਤਰ ਘਟਦੀ ਗਈ ਹੈ, ਜੋ 2020 ਵਿਚ 1002 ਤੋਂ ਘੱਟ ਕੇ 2025 ਵਿਚ 244 ਰਹਿ ਗਈ।
ਕਮਾਲ ਦੀ ਗੱਲ ਇਹ ਹੈ ਕਿ ਕੈਨੇਡਾ ਵਿਚੋਂ ਕੱਢੇ ਜਾਣ ਦੀ ਕਾਰਵਾਈ ਦਾ ਇਸ ਸਮੇਂ ਸਾਹਮਣਾ ਕਰ ਰਹੇ ਭਾਰਤੀਆਂ ਦੀ ਗਿਣਤੀ 6515 (ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ) ਦੱਸੀ ਗਈ ਹੈ, ਜੋ ਮੈਕਸੀਕੋ ਦੇ ਨਾਗਰਿਕਾਂ (4650) ਤੋਂ ਵੀ ਵਧ ਚੁੱਕੀ ਹੈ। 863 ਪਾਕਿਸਤਾਨੀ ਨਾਗਰਿਕ ਵੀ ਇਸ ਸਮੇਂ ਕੈਨੇਡਾ ਵਿਚੋਂ ਕੱਢੇ ਜਾਣ ਦੀ ਪ੍ਰਕਿਰਿਆ ਵਿਚੋਂ ਗੁਜ਼ਰ ਰਹੇ ਹਨ। ਇਸਦੇ ਨਾਲ਼ ਹੀ 1704 ਅਮਰੀਕੀ ਨਾਗਰਿਕਾਂ ਨੂੰ ਵੀ ਕੈਨੇਡਾ ਵਿਚੋਂ ਅਮਰੀਕਾ ਮੋੜੇ ਜਾਣ ਦੀ ਕਾਰਵਾਈ ਚੱਲ ਰਹੀ ਹੈ। ਆਮ ਤੌਰ ‘ਤੇ ਸ਼ਰਨਾਰਥੀ ਕੇਸ ਖਤਮ ਹੋਣ ਮਗਰੋਂ, ਐਂਟਰੀ ਦੀ ਮਿਆਦ ਓਵਰ ਸਟੇਅ ਕਰਨ ਮਗਰੋਂ, ਜਾਂ ਨਿੱਕੇ ਤੋਂ ਵੱਡੇ ਜੁਰਮਾਂ (ਸ਼ਰਾਬ ਪੀਅ ਕੇ ਗੱਡੀ ਚਲਾਉਣਾ ਵੀ) ਵਿਚ ਮੁਜ਼ਰਿਮ ਸਾਬਤ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਛੱਡ ਕੇ ਜਾਣਾ ਪੈਂਦਾ ਹੈ।
ਕੈਨੇਡਾ ਤੋਂ 1 ਸਾਲ ‘ਚ ਮੋੜੇ ਗਏ 18785 ਵਿਦੇਸ਼ੀ ਨਾਗਰਿਕ

