#CANADA

ਕੈਨੇਡਾ ‘ਚ ਹਰ ਚੌਥਾ ਨਾਗਰਿਕ ਧੋਖਾਧੜੀ ਜਾਂ ਜਬਰੀ ਵਸੂਲੀ ਦਾ ਸ਼ਿਕਾਰ

ਓਟਵਾ, 12 ਫਰਵਰੀ (ਪੰਜਾਬ ਮੇਲ)- ਨਵੇਂ ਲੇਜਰ ਸਰਵੇਖਣ ਅਨੁਸਾਰ ਕੈਨੇਡਾ ਵਿਚ ਹਰ ਚੌਥਾ ਨਾਗਰਿਕ ਕਦੇ ਨਾ ਕਦੇ ਧੋਖਾਧੜੀ ਜਾਂ ਜਬਰੀ ਵਸੂਲੀ (ਐਕਸਟੋਰਸ਼ਨ) ਦਾ ਸ਼ਿਕਾਰ ਹੋ ਚੁੱਕਾ ਹੈ। ਇਹ ਆਨਲਾਈਨ ਸਰਵੇਖਣ 6 ਤੋਂ 9 ਫਰਵਰੀ ਦਰਮਿਆਨ 1,536 ਕੈਨੇਡੀਅਨਾਂ ‘ਤੇ ਕੀਤਾ ਗਿਆ। ਲੇਜਰ ਦੀ ਜੈਨੀਫਰ ਮੈਕਲਿਓਡ ਮੇਸੀ ਨੇ ਕਿਹਾ ਕਿ ਕੈਨੇਡਾ ਵਿਚ ਧੋਖਾਧੜੀ ਕੋਈ ਛੋਟੀ ਸਮੱਸਿਆ ਨਹੀਂ ਹੈ।
ਸਰਵੇ ਮੁਤਾਬਕ 25 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਧੋਖੇ ਦਾ ਸ਼ਿਕਾਰ ਰਹੇ ਹਨ, ਜਦਕਿ 71 ਫੀਸਦੀ ਨੇ ਇਨਕਾਰ ਕੀਤਾ ਅਤੇ 4 ਫੀਸਦੀ ਨੇ ਜਵਾਬ ਨਹੀਂ ਦਿੱਤਾ। ਇਲਾਕਿਆਂ, ਲਿੰਗ ਅਤੇ ਉਮਰ ਅਨੁਸਾਰ ਅੰਕੜੇ ਲਗਭਗ ਇਕਸਾਰ ਰਹੇ।
ਸਭ ਤੋਂ ਆਮ ਧੋਖੇ ਕਰੈਡਿਟ ਕਾਰਡ ਅਤੇ ਬੈਂਕ ਨਾਲ ਸੰਬੰਧਿਤ ਪਾਏ ਗਏ, ਜਿਨ੍ਹਾਂ ਬਾਰੇ 52 ਫੀਸਦੀ ਪੀੜਤਾਂ ਨੇ ਦੱਸਿਆ। 36 ਫੀਸਦੀ ਲੋਕਾਂ ਨੇ ਫਿਸ਼ਿੰਗ ਜਾਂ ਨਕਲੀ ਵੈੱਬਸਾਈਟਾਂ ਵਰਗੀਆਂ ਆਨਲਾਈਨ ਠੱਗੀਆਂ ਦਾ ਅਨੁਭਵ ਸਾਂਝਾ ਕੀਤਾ, ਜਦਕਿ 31 ਫੀਸਦੀ ਫੋਨ ਜਾਂ ਟੈਕਸਟ ਸੰਦੇਸ਼ਾਂ ਰਾਹੀਂ ਠੱਗੇ ਗਏ। ਇਸ ਤੋਂ ਇਲਾਵਾ ਨਕਲੀ ਨੌਕਰੀਆਂ ਦੀਆਂ ਪੇਸ਼ਕਸ਼ਾਂ, ਪਛਾਣ ਚੋਰੀ, ਨਿਵੇਸ਼ ਜਾਂ ਕ੍ਰਿਪਟੋਕਰੰਸੀ ਘਪਲੇ, ਰੈਨਸਮਵੇਅਰ ਅਤੇ ਆਨਲਾਈਨ ਡੇਟਿੰਗ ਧੋਖੇ ਵੀ ਸਾਹਮਣੇ ਆਏ।
55 ਸਾਲ ਤੋਂ ਵੱਧ ਉਮਰ ਦੇ 62 ਫੀਸਦੀ ਲੋਕਾਂ ਨੇ ਕਰੈਡਿਟ ਜਾਂ ਬੈਂਕ ਧੋਖੇ ਦੀ ਸ਼ਿਕਾਇਤ ਕੀਤੀ, ਜਦਕਿ 18 ਤੋਂ 34 ਸਾਲ ਦੇ 23 ਫੀਸਦੀ ਨੌਜਵਾਨ ਨਕਲੀ ਨੌਕਰੀਆਂ ਅਤੇ 19 ਫੀਸਦੀ ਜ਼ਬਰਦਸਤੀ ਦੇ ਮਾਮਲਿਆਂ ਨਾਲ ਜੁੜੇ ਪਾਏ ਗਏ।
ਸਿਰਫ ਅੱਧੇ ਪੀੜਤ ਹੀ ਪੁਲਿਸ ਜਾਂ ਅਧਿਕਾਰੀਆਂ ਨੂੰ ਸੂਚਿਤ ਕਰਦੇ ਹਨ, ਪਰ 80 ਫੀਸਦੀ ਆਪਣੇ ਤਜਰਬੇ ਪਰਿਵਾਰ ਜਾਂ ਦੋਸਤਾਂ ਨਾਲ ਸਾਂਝੇ ਕਰਦੇ ਹਨ। 60 ਫੀਸਦੀ ਨੇ ਗੁੱਸਾ ਜਾਂ ਨਿਰਾਸ਼ਾ ਮਹਿਸੂਸ ਕੀਤੀ, ਜਦਕਿ 14 ਫੀਸਦੀ ਡਰ ਅਤੇ 7 ਫੀਸਦੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਲਗਭਗ ਤਿੰਨ-ਚੌਥਾਈ ਲੋਕ ਭਵਿੱਖ ਵਿਚ ਧੋਖੇ ਦਾ ਸ਼ਿਕਾਰ ਹੋਣ ਬਾਰੇ ਚਿੰਤਤ ਹਨ।