-ਮ੍ਰਿਤਕਾਂ ‘ਚ 2 ਚਚੇਰੇ ਭੈਣ-ਭਰਾ
ਵੈਨਕੂਵਰ, 30 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਉੱਤਰੀ ਸੂਬੇ ਨਿਊ ਬਰੰਜ਼ਵਿੱਕ ਵਿਚ ਸੜਕ ਹਾਦਸੇ ‘ਚ ਪੰਜਾਬ ਤੋਂ ਸਟੱਡੀ ਵੀਜ਼ੇ ‘ਤੇ ਆਈਆਂ ਦੋ ਲੜਕੀਆਂ ਤੇ ਇੱਕ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ‘ਚ ਦੋ ਚਚੇਰੇ ਭੈਣ-ਭਰਾ ਸਨ। ਮ੍ਰਿਤਕਾਂ ਦੀ ਪਛਾਣ ਹਰਮਨ ਸੋਮਲ (23) ਪੁੱਤਰੀ ਮਨਦੀਪ ਸਿੰਘ ਵਾਸੀ ਮਲੌਦ, ਨਵਜੋਤ ਸੋਮਲ (19) ਪੁੱਤਰ ਰਣਜੀਤ ਸਿੰਘ ਵਾਸੀ ਮਲੌਦ (ਦੋਵੇਂ ਚਚੇਰੇ ਭੈਣ-ਭਰਾ) ਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ (24) ਪੁੱਤਰੀ ਭੁਪਿੰਦਰ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ।
ਹਰਮਨ ਸੋਮਲ (23) ਪੁੱਤਰੀ ਮਨਦੀਪ ਸਿੰਘ ਕੁਝ ਸਾਲ ਪਹਿਲਾਂ ਕੈਨੇਡਾ ਵਿਚ ਪੜ੍ਹਾਈ ਕਰਨ ਗਈ ਸੀ ਤੇ ਹੁਣ ਪੜ੍ਹਾਈ ਪੂਰੀ ਹੋਣ ਮਗਰੋਂ ਪੱਕੇ ਤੌਰ ‘ਤੇ ਉੱਥੋਂ ਦੀ ਵਸਨੀਕ ਹੋ ਗਈ ਸੀ। ਉਸ ਦਾ ਚਚੇਰਾ ਭਰਾ ਨਵਜੋਤ ਸੋਮਲ (19) ਪੁੱਤਰ ਰਣਜੀਤ ਸਿੰਘ ਵਾਸੀ ਮਲੌਦ ਅਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ ਵਾਸੀ ਸਮਾਣਾ ਆਪਣੇ ਚੌਥੇ ਸਾਥੀ ਨਾਲ ਕਾਰ ਵਿਚ ਸਫਰ ਕਰ ਰਹੇ ਸੀ, ਤਾਂ ਹਾਈਵੇਅ ‘ਤੇ ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਪਲਟ ਗਈ ਤੇ ਇਸ ਹਾਦਸੇ ‘ਚ ਉਪਰੋਕਤ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਡਰਾਈਵਰ ਜ਼ਖ਼ਮੀ ਹੋ ਗਿਆ। ਨਵਜੋਤ ਸੋਮਲ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਨ ਗਿਆ ਸੀ। ਪੀੜਤ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਵਾਪਸ ਲਿਆਉਣ ‘ਚ ਮਦਦ ਕੀਤੀ ਜਾਵੇ।
ਹਾਦਸੇ ‘ਚ ਹਲਾਕ ਹੋਈ ਰਸ਼ਮਦੀਪ (24) ਪੁੱਤਰੀ ਮਾਸਟਰ ਭੁਪਿੰਦਰ ਸਿੰਘ ਵਾਸੀ ਸਮਾਣਾ 4 ਸਾਲ ਪਹਿਲਾਂ ਪੜ੍ਹਾਈ ਲਈ (ਮਾਊਟੈਂਨ) ਕੈਨੇਡਾ ਗਈ ਸੀ। ਮ੍ਰਿਤਕਾ ਦੇ ਮਾਪੇ ਸਰਕਾਰੀ ਸਕੂਲ ‘ਚ ਲੈਕਚਰਾਰ ਹਨ।
ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਲਾਸ਼ਾਂ ਵਾਪਸ ਲਿਆਉਣ ਸਬੰਧੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮਦਦ ਮੰਗੀ ਹੈ।