ਟੋਰਾਂਟੋ, 4 ਜੂਨ (ਪੰਜਾਬ ਮੇਲ)- ਪਿਛਲੇ ਮਹੀਨੇ ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ‘ਚ ਇੱਕ ਇੰਡੋ-ਕੈਨੇਡੀਅਨ ਵਪਾਰੀ ਹਰਜੀਤ ਸਿੰਘ ਢੱਡਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਬ੍ਰਿਟਿਸ਼ ਕੋਲੰਬੀਆ ਤੋਂ ਦੋ 21 ਸਾਲਾ ਇੰਡੋ-ਕੈਨੇਡੀਅਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੀਲ ਰੀਜਨਲ ਪੁਲਿਸ (ਪੀ.ਆਰ.ਪੀ.) ਨੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਹੈ, ਜਿਨ੍ਹਾਂ ਦੀ ਪਛਾਣ ਅਮਨ ਅਮਨ ਅਤੇ ਦਿਗਵਿਜੈ ਦਿਗਵਿਜੈ ਵਜੋਂ ਹੋਈ ਹੈ। 14 ਮਈ ਨੂੰ ਦੁਪਹਿਰ ਨੂੰ ਬਰੈਂਪਟਨ ਦੇ ਰਹਿਣ ਵਾਲੇ 51 ਸਾਲਾ ਕਾਰੋਬਾਰੀ ਹਰਜੀਤ ਢੱਡਾ ਨੂੰ ਇੱਕ ਸ਼ੱਕੀ ਨੇ ਮਿਸੀਸਾਗਾ ‘ਚ ਇੱਕ ਪਾਰਕਿੰਗ ਵਿਚ ਕਈ ਵਾਰ ਗੋਲੀ ਮਾਰ ਦਿੱਤੀ ਸੀ। ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮੀਆਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ। ਸ਼ੱਕੀ ਇੱਕ ਚੋਰੀ ਹੋਏ 2018 ਬਲੈਕ ਡੌਜ ਚੈਲੇਂਜਰ ਵਿਚ ਭੱਜ ਗਏ, ਜੋ ਕਿ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬਰਾਮਦ ਕਰ ਲਿਆ ਗਿਆ ਸੀ।
ਪੀ.ਆਰ.ਪੀ. ਨੇ ਦੱਸਿਆ ਕਿ ਇੱਕ ਡੂੰਘੀ ਜਾਂਚ ਤੋਂ ਬਾਅਦ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਵਿਚ ਉਨ੍ਹਾਂ ਦਾ ਪਤਾ ਲਗਾਇਆ ਗਿਆ। 28 ਮਈ ਨੂੰ ਡੈਲਟਾ ਪੁਲਿਸ ਵਿਭਾਗ, ਐਬਟਸਫੋਰਡ ਪੁਲਸ, ਸਰ੍ਹੀ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪੀ.ਆਰ.ਪੀ. ਨੇ ਦੋ ਵਿਅਕਤੀਆਂ ਨੂੰ ਲੱਭ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਸਰ੍ਹੀ, ਬੀ.ਸੀ. ਵਿਚ ਇੱਕ ਜਸਟਿਸ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ‘ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਹਨ।
ਕੈਨੇਡਾ ‘ਚ ਸਿੱਖ ਵਪਾਰੀ ਦੇ ਕਤਲ ਮਾਮਲੇ ‘ਚ 2 ਨੌਜਵਾਨ ਗ੍ਰਿਫ਼ਤਾਰ
