#CANADA

ਕੈਨੇਡਾ ‘ਚ ਵੱਡੀ ਗਿਣਤੀ ਕੌਮਾਂਤਰੀ Students ਵੱਲੋਂ ਰਫਿਊਜ਼ੀ ਸ਼ਰਨ ਲਈ ਅਰਜ਼ੀਆਂ

ਓਨਟਾਰੀਓ, 18 ਮਾਰਚ (ਪੰਜਾਬ ਮੇਲ)- ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਖੁਲਾਸੇ ਮੁਤਾਬਕ ਵੱਡੀ ਗਿਣਤੀ ਵਿਚ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਰਫਿਊਜ਼ੀ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਕੈਨੇਡਾ ਜਾਣ ਲਈ ਸਿੱਧੇ-ਅਸਿੱਧੇ ਹਰ ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਹਨ। ਮੌਜੂਦਾ ਸਮੇਂ ਵੱਡੀ ਗਿਣਤੀ ‘ਚ ਵਿਦਿਆਰਥੀਆਂ ਵੱਲੋਂ ਭਾਰਤ ਵਿਚ ਖ਼ਤਰਾ ਹੋਣ ਦੀ ਗੱਲ ਆਖ ਕੇ ਰਫਿਊਜ਼ੀ ਦਾ ਦਾਅਵਾ ਕਰਕੇ ਸ਼ਰਨ ਮੰਗੀ ਜਾ ਰਹੀ ਹੈ। ਅਜਿਹਾ ਦਾਅਵਾ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ 4.5 ਗੁਣਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਵਾਟਰਲੂ ਰੀਜ਼ਨ ਰਿਕਾਰਡ ਦੀ ਇਕ ਰਿਪੋਰਟ ਮੁਤਾਬਕ ਇਕੱਲੇ ਕਾਂਸਟੋਗਾ ਕਾਲਜ ਵਿਚ ਅਜਿਹੇ ਦਾਅਵੇ ਸਾਢੇ ਚਾਰ ਗੁਣਾ ਵਧ ਗਏ ਹਨ। ਸਾਲ 2022 ਵਿਚ 106 ਵਿਦਿਆਰਥੀਆਂ ਵੱਲੋਂ ਅਜਿਹੇ ਦਾਅਵੇ ਕੀਤੇ ਗਏ ਸੀ ਪਰ ਸਾਲ 2023 ਵਿਚ ਵਧ ਕੇ ਇਨ੍ਹਾਂ ਦੀ ਗਿਣਤੀ 450 ਹੋ ਗਈ ਹੈ। ਦਰਅਸਲ ਕੈਨੇਡਾ ਵਿਚ ਜੇਕਰ ਕੋਈ ਸੰਸਥਾ ਕੈਨੇਡੀਅਨ ਕੌਮਾਂਤਰੀ ਸਿੱਖਿਆ ਪ੍ਰੋਗਰਾਮ ਦਾ ਪ੍ਰਤੀਕ ਰਹੀ ਹੈ, ਤਾਂ ਉਹ ਕਿਚਨਰ ਵਿਚ ਕਾਂਸਟੋਗਾ ਕਾਲਜ ਹੈ, ਜੋ ਟੋਰਾਂਟੋ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮ ਵਿਚ ਪੈਂਦਾ ਹੈ। ਇੱਥੇ ਪਿਛਲੇ ਤਿੰਨ ਸਾਲਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਨਾਮਜ਼ਦਗੀ ਵਿਚ ਸਭ ਤੋਂ ਤੇਜ਼ ਵਾਧਾ ਦੇਖਿਆ ਗਿਆ। ਸਾਲ 2021 ਵਿਚ ਇੱਥੇ 13 ਹਜ਼ਾਰ ਵਿਦਿਆਰਥੀ ਨਾਮਜ਼ਦ ਸਨ, ਜਿਨ੍ਹਾਂ ਦੀ ਗਿਣਤੀ ਸਾਲ 2023 ਵਿਚ ਵਧ ਕੇ 30 ਹਜ਼ਾਰ ਤੋਂ ਵੀ ਉਪਰ ਹੋ ਗਈ। ਇਹ ਰਿਕਾਰਡ ਗਿਣਤੀ ਕੈਨੇਡਾ ਦੇ ਕਿਸੇ ਵੀ ਹੋਰ ਕਾਲਜ ਨੂੰ ਪਿੱਛੇ ਛੱਡਦਿਆਂ ਕੈਨੇਡਾ ਲਈ ਕਰੋੜਾਂ ਡਾਲਰ ਲੈ ਕੇ ਆਈ ਪਰ ਹੁਣ ਸਰਕਾਰ ਵੱਲੋਂ ਕੌਮਾਂਤਰੀ ਸਿੱਖਿਆ ਪ੍ਰੋਗਰਾਮ ‘ਤੇ ਨਕੇਲ ਕੱਸਣ ਦੇ ਨਾਲ ਹੋਰ ਕਾਲਜਾਂ ਨੇ ਕਾਂਸਟੋਗਾ ਕਾਲਜ ‘ਤੇ ਉਂਗਲਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਮੌਜੂਦਾ ਸਮੇਂ ਬੇਸ਼ੱਕ ਕੈਨੇਡਾ ਦੇ ਬਹੁਤ ਸਾਰੇ ਕਾਲਜ ਕਾਫ਼ੀ ਘਬਰਾਏ ਹੋਏ ਹਨ, ਪਰ ਉਹ ਪੀੜਤ ਨਹੀਂ, ਪੀੜਤ ਤਾਂ ਸਿਰਫ਼ ਕੌਮਾਂਤਰੀ ਵਿਦਿਆਰਥੀ ਹਨ, ਜਿਹੜੇ ਹਜ਼ਾਰਾਂ ਡਾਲਰ ਖ਼ਰਚ ਕਰਕੇ ਕੈਨੇਡਾ ਵਿਚ ਇਸ ਉਮੀਦ ਨਾਲ ਆਏ ਹਨ ਕਿ ਉਨ੍ਹਾਂ ਨੂੰ ਇੱਥੇ ਸਥਾਈ ਨਿਵਾਸ ਮਿਲ ਜਾਵੇਗਾ ਪਰ ਉਨ੍ਹਾਂ ਦਾ ਇਹ ਸੁਪਨਾ ਜਲਦੀ ਪੂਰਾ ਹੁੰਦਾ ਨਹੀਂ ਜਾਪਦਾ। ਭਾਵੇਂ ਕਿ ਕੈਨੇਡਾ ਪਹਿਲਾਂ ਤੋਂ ਕਿਤੇ ਜ਼ਿਆਦਾ ਗੈਰ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਪਰ ਕੈਨੇਡੀਅਨ ਸਿਸਟਮ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨਾਲ ਤਾਲਮੇਲ ਨਹੀਂ ਬਿਠਾ ਪਾ ਰਿਹਾ। ਜਿਹੋ ਜਿਹੀ ਸਥਿਤੀ ਮੌਜੂਦਾ ਸਮੇਂ ਬਣੀ ਹੋਈ ਹੈ, ਉਸ ਮੁਤਾਬਕ ਹਰ 10 ਕੌਮਾਂਤਰੀ ਵਿਦਿਆਰਥੀਆਂ ਵਿਚੋਂ ਲਗਭਗ ਤਿੰਨ ਨੂੰ ਹੀ ਸਥਾਈ ਨਿਵਾਸ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਕੌਮਾਂਤਰੀ ਵਿਦਿਆਰਥੀਆਂ ਲਈ ਇਹ ਬੇਹੱਦ ਨਿਰਾਸ਼ਾ ਵਾਲਾ ਸਮਾਂ ਹੈ, ਜਿਸ ਕਰਕੇ ਕੁਝ ਵਿਦਿਆਰਥੀ ਨਿਰਾਸ਼ਾ ਭਰੇ ਕਦਮ ਉਠਾ ਰਹੇ ਹਨ। ਉਨ੍ਹਾਂ ਵੱਲੋਂ ਕੈਨੇਡਾ ਵਿਚ ਸ਼ਰਨ ਲੈਣ ਲਈ ਅਰਜ਼ੀਆਂ ਦਾਇਰ ਕੀਤੀਆਂ ਜਾ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਇਕੱਲੇ ਕਾਂਸਟੋਗਾ ਕਾਲਜ ਵਿਚ ਇਕ ਸਾਲ ਦੇ ਅੰਦਰ ਅਜਿਹੇ ਦਾਅਵੇ ਸਾਢੇ ਚਾਰ ਗੁਣਾ ਵਧ ਗਏ ਹਨ। ਯਕੀਨਨ ਤੌਰ ‘ਤੇ ਰਫਿਊਜ਼ੀ ਸ਼ਰਨ ਲੈਣ ਦਾ ਦਾਅਵਾ ਕਰਨਾ ਆਖ਼ਰੀ ਯਤਨ ਹੈ। ਕੁਝ ਵਿਦਿਆਰਥੀ ਅਰਜ਼ੀਆਂ ਵਿਚ ਇਹ ਕਹਿ ਰਹੇ ਹਨ ਕਿ ਭਾਰਤ ਵਿਚ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਖ਼ਤਰਾ ਹੈ, ਜਦਕਿ ਕੁਝ ਕਹਿ ਰਹੇ ਹਨ ਕੋਈ ਗੈਂਗਸਟਰ ਉਨ੍ਹਾਂ ਦੇ ਨਾਲ ਪੜ੍ਹਦਾ ਸੀ, ਪੁਲਿਸ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਤੋਂ ਇਲਾਵਾ ਏਜੰਟਾਂ ਵੱਲੋਂ ਵੀ ਅਜਿਹੀਆਂ ਕਹਾਣੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਅਸਲ ਲੱਗਣ ਅਤੇ ਗੋਰਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਕਿਉਂਕਿ ਜਿਸ ਦੀ ਅਰਜ਼ੀ ਮਨਜ਼ੂਰ ਹੋ ਗਈ, ਉਸ ਦੀਆਂ ਪੌ ਬਾਰਾਂ ਹੋ ਜਾਣਗੀਆਂ ਅਤੇ ਜਿਸ ਦੀ ਅਰਜ਼ੀ ਨਾ ਮਨਜ਼ੂਰ ਹੋ ਗਈ, ਉਸ ਨੂੰ ‘ਗੋ ਬੈਕ’ ਹੋਣਾ ਪਵੇਗਾ ਅਤੇ ਫਿਰ ਕਦੇ ਮੁੜ ਕੈਨੇਡਾ ਦਾ ਮੂੰਹ ਨਹੀਂ ਦੇਖ ਸਕੇਗਾ। ਕੈਨੇਡਾ ਵਿਚ ਭਾਰਤ ਵੱਲੋਂ ਰਫਿਊਜ਼ੀ ਸ਼ਰਨ ਲੈਣ ਦੇ ਦਾਅਵੇ ਲਗਾਤਾਰ ਵੱਧ ਰਹੇ ਹਨ। ਸਾਲ 2022 ਵਿਚ ਲਗਭਗ 3500 ਦਾਅਵੇ ਕੀਤੇ ਗਏ ਸੀ, ਜਿਨ੍ਹਾਂ ਵਿਚੋਂ ਕਰੀਬ ਅੱਧੇ ਹੀ ਮਨਜ਼ੂਰ ਕੀਤੇ ਗਏ ਸੀ। ਸੋ ਮੌਜੂਦਾ ਸਮੇਂ ਲਗਾਏ ਗਏ ਰਫਿਊਜ਼ੀ ਸ਼ਰਨ ਦੇ ਦਾਅਵਿਆਂ ਦਾ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।