#CANADA

ਕੈਨੇਡਾ ‘ਚ ਵੱਖ-ਵੱਖ ਥਾਈਂ 3 ਪੰਜਾਬੀ ਨੌਜਵਾਨਾਂ ਦੀ ਹੱਤਿਆ

ਵੈਨਕੂਵਰ, 18 ਮਾਰਚ (ਪੰਜਾਬ ਮੇਲ)- ਕੈਨੇਡਾ ‘ਚ ਵੱਖ-ਵੱਖ ਥਾਈਂ ਬੀਤੇ ਹਫ਼ਤੇ ਦੇ ਅਖ਼ੀਰ ਵਿਚ 3 ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਪਹਿਲੀ ਘਟਨਾ ਫੋਰਟ ਸੇਂਟ ਪੌਲ ਜੌਹਨ ਸ਼ਹਿਰ ਵਿਖੇ ਵਾਪਰੀ, ਜਿੱਥੇ ਦੋ ਗਰੁੱਪਾਂ ਦੀ ਲੜਾਈ ‘ਚ ਗੁਰਕੀਰਤ ਸਿੰਘ ਮਨੋਚਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੁੱਢਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਉੱਥੇ ਇੱਕ ਸਟੋਰ ‘ਚ ਕੰਮ ਕਰਦਾ ਸੀ। ਉਹ ਉਜੈਨ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਾਲ ਕੁ ਪਹਿਲਾਂ ਕੈਨੇਡਾ ਆਇਆ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਉਹ ਲੜਾਈ ‘ਚ ਅਚਾਨਕ ਮਾਰਿਆ ਗਿਆ ਜਾਂ ਉਸ ਦੀ ਮਿੱਥ ਕੇ ਹੱਤਿਆ ਕੀਤੀ ਗਈ।
ਦੂਜੀ ਘਟਨਾ ਸਸਕੈਚਵਨ ਸੂਬੇ ਦੇ ਬਰੈਂਟਫੋਰਡ ਸ਼ਹਿਰ ਦੀ ਹੈ, ਜਿੱਥੇ ਟੈਕਸੀ ਚਾਲਕ ਦਵਿੰਦਰ ਸਿੰਘ (30) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਮੌਕੇ ਉਹ ਮੋਟਲ ਦੇ ਬਾਹਰ ਕਿਸੇ ਯਾਤਰੀ ਦੀ ਉਡੀਕ ਵਿਚ ਟੈਕਸੀ ‘ਚ ਬੈਠਾ ਸੀ। ਮੋਟਲ ‘ਚੋਂ ਨਿਕਲੀ ਔਰਤ ਉੱਤੇ ਕਿਸੇ ਵਲੋਂ ਚਲਾਈ ਜਾਨਲੇਵਾ ਗੋਲੀ ਖੁੰਝ ਕੇ ਉਸ ਦੇ ਆ ਵੱਜੀ ਅਤੇ ਉਹ ਮੌਤ ਦੇ ਮੂੰਹ ਜਾ ਪੁੱਜਾ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਨਾਲ ਸਬੰਧ ਰੱਖਦਾ ਸੀ ਤੇ ਕੁਝ ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਆਇਆ ਸੀ।
ਤੀਜੀ ਘਟਨਾ ਐਡਮਿੰਟਨ ਨੇੜਲੇ ਸ਼ਹਿਰ ਵਿਚ ਵਾਪਰੀ, ਜਿਥੇ ਬੀਰਇੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਜਾਨ ਚਲੀ ਗਈ। ਉਹ ਚਾਰ ਕੁ ਸਾਲ ਪਹਿਲਾਂ ਸਟੱਡੀ ਵੀਜੇ ‘ਤੇ ਕੈਨੇਡਾ ਆਇਆ ਸੀ। ਹੱਤਿਆ ਦਾ ਕਾਰਨ ਸੜਕ ‘ਤੇ ਹੋਇਆ ਬੋਲ ਬੁਲਾਰਾ (ਰੋਡ ਰੇਜ਼) ਦੱਸਿਆ ਗਿਆ ਹੈ।
ਬੇਸ਼ੱਕ ਤਿੰਨਾਂ ਘਟਨਾਵਾਂ ਦਾ ਆਪਸ ‘ਚ ਕੋਈ ਸਬੰਧ ਨਹੀਂ ਹੈ ਪਰ ਇਸ ਕਾਰਨ ਇੱਥੇ ਵੱਸਦੇ ਪੰਜਾਬੀ ਭਾਈਚਾਰੇ ਵਿਚ ਚਿੰਤਾ ਦਾ ਮਾਹੌਲ ਹੈ।